ਜਗਤਾਰ ਸਿੰਘ ਜੱਗੀ ਅਤੇ ਹੋਰ ਸਿੱਖ ਨੌਜਵਾਨਾਂ ਦੀਆਂ ਝੂਠੇ ਕੇਸਾਂ ਵਿੱਚ ਕੀਤੀਆਂ ਗਈਆਂ ਗ੍ਰਿਫਤਾਰੀਆਂ ਦੇ ਵਿਰੋਧ ਵਿੱਚ ਭਾਰਤੀ ਅੰਬੈਸੀ ਅਗੇ ਰੋਸ ਮੁਜਾਹਰਾ

0
293

chicago-protests-makhan
ਸ਼ਿਕਾਗੋ/ਮੱਖਣ ਸਿੰਘ ਕਲੇਰ
24 ਨਵੰਬਰ ਸ਼ੁੱਕਰਵਾਰ ਨੂੰ ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਈਨ ਦੇ ਸਹਿਯੋਗ ਨਾਲ ਸ਼ਿਕਾਗੋ ਅਤੇ ਇੰਡੀਆਨਾ (ਇੰਡੀਅਨ ਐਪੋਲਿਸ) ਦੀਆਂ ਸੰਗਤਾਂ ਵਲੋਂ ਭਾਰਤੀ ਅੰਬੈਸੀ ਅਗੇ ਰੋਸ ਮੁਜਾਹਰਾ ਕੀਤਾ ਗਿਆ। ਇਸ ਸਮੇਂ ਵਿਸ਼ਵ ਪੱਧਰ ਤੇ ਸਿੱਖ ਕੌਮ ਵਿੱਚ ਪੰਜਾਬ ਦੀ ਕੈਪਟਨ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਤੀ ਗੁੱਸੇ ਦੀ ਲਹਿਰ ਚਲ ਰਹੀ ਹੈ। ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਵਾਸਤੇ ਬੇਕਸੂਰ ਨੌਜਵਾਨਾਂ ਨੂੰ ਬਲੀ ਦੇ ਬੱਕਰੇ ਬਣਾ ਰਹੀ ਹੈ। ਸਿੱਖ ਹਲਕਿਆਂ ਵਿੱਚ ਆਮ ਚਰਚਾ ਚਲ ਰਹੀ ਹੈ ਕਿ ਕੈਪਟਨ ਸਰਕਾਰ ਕੇਂਦਰ ਦੀ ਸਰਕਾਰ ਨੂੰ ਅਤੇ ਇਕ ਫਿਰਕੇ ਦੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਪੰਜਾਬ ਵਿੱਚੋਂ ਅਤੇ ਵਿਦੇਸ਼ੀ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਗ੍ਰਿਫਤਾਰ ਕਰ ਰਹੀ ਹੈ। ਇਸ ਸਮੇਂ ਪੰਜਾਬ ਸਮੇਤ ਬਾਹਰਲੇ ਦੇਸ਼ਾਂ ਵਿੱਚ ਵੱਖ ਵੱਖ ਥਾਵਾਂ ਤੇ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ। ਸ਼ਿਕਾਗੋ ਵਿਚਲੀ ਭਾਰਤੀ ਅੰਬੈਸੀ ਅਗੇ ਜਗਤਾਰ ਸਿੰਘ ਜੱਗੀ ਯੂਕੇ, ਤਲਜੀਤ ਸਿੰਘ ਜਿੰਮੀ ਯੂਕੇ, ਹਰਦੀਪ ਸਿੰਘ ਇਟਲੀ, ਰਮਨਦੀਪ ਸਿੰਘ ਤੇ ਹੋਰ ਨੋਜਵਾਨਾਂ ਦੇ ਹੱਕ ਵਿੱਚ ਅਤੇ ਉਨਾਂ ਦੀ ਰਿਹਾਈ ਵਾਸਤੇ ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਈਨ, ਸ਼੍ਰੋਮਣੀ ਆਕਾਲੀ ਦਲ ਅੰਮ੍ਰਿਤਸਰ ਸ਼ਿਕਾਗੋ ਯੂਨਿਟ, ਇੰਡੀਅਨ ਐਪੋਲਿਸ ਤੋਂ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਤੋਂ ਸੰਗਤਾਂ ਅਤੇ ਸ਼ਿਕਾਗੋ ਦੀਆਂ ਸੰਗਤਾਂ ਮੁਜਾਹਰਾ ਕਰਨ ਵਾਸਤੇ ਪਹੁੰਚੀਆਂ ਹੋਈਆਂ ਸਨ। ਵਿਸ਼ੇਸ਼ ਤੌਰ ਤੇ ਇਸ ਮੁਜਾਹਰੇ ਵਿੱਚ ਸੰਤੋਖ ਸਿੰਘ ਟੈਕਸਸ ਨੇ ਸਿੱਖ ਯੂਥ ਆਫ ਅਮਰੀਕਾ ਵਲੋਂ ਅਤੇ ਹਰਪ੍ਰੀਤ ਸਿੰਘ ਹੰਸਰਾ ਕਨੈਡਾ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਨੈਡਾ ਯੂਨਿਟ ਵਲੋਂ ਹਾਜਰੀ ਲਗਵਾਈ ਗਈ।ਪੈਲਾਟਾਈਨ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਗੁਰਮੀਤ ਸਿੰਘ ਬੈਂਸ ਵਲੋਂ ਇਸ ਰੋਸ ਮੁਜਾਹਰੇ ਵਿੱਚ ਸੰਗਤਾਂ ਦਾ ਪਹੁੰਚਣ ਤੇ ਧੰਨਵਾਦ ਕੀਤਾ ਗਿਆ।