ਕੈਲੀਫੋਰਨੀਆ ਦੇ ਆਰੋਵਿਲ ਡੈਮ ਦੇ ਟੁੱਟਣ ਦਾ ਖ਼ਤਰਾ

0
373

california-dam
ਸਭ ਤੋਂ ਵੱਧ ਸਿੱਖ ਭਾਈਚਾਰੇ ਦੀ ਆਬਾਦੀ ਇਸ ਇਲਾਕੇ ਵਿਚ
ਕੈਲੀਫੋਰਨੀਆ/ਬਿਊਰੋ ਨਿਊਜ਼ :
ਉਤਰੀ ਕੈਲੀਫੋਰਨੀਆ ਵਿਚ ਬਣੇ ਅਮਰੀਕਾ ਦੇ ਸਭ ਤੋਂ ਉੱਚੇ ਆਰੋਵਿਲ ਡੈਮ ਦੇ ਟੁੱਟਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਵਿਚ ਹੜ੍ਹ ਦਾਪਾਣੀ ਭਰਿਆ ਹੋਇਆ ਹੈ। ਇਸ ਦੌਰਾਨ ਆਲੇ-ਦੁਆਲੇ ਵਸੇ ਹਜ਼ਾਰਾਂ ਘਰਾਂ ਦੇ ਲੋਕਾਂ ਨੂੰ ਇਹ ਥਾਂ ਖਾਲੀ ਕਰਨ ਲਈ ਕਿਹਾ ਗਿਆ ਹੈ। ਸੈਕਰਾਮੈਂਟੋ ਦੇ ਕਰੀਬ ਸੌ ਕਿਲੋਮੀਟਰ ਉਤਰ ਵਿਚ ਵਸੇ ਆਰੋਵਿਲ ਸ਼ਹਿਰ ਦੇ 16000 ਲੋਕਾਂ ਨੂੰ ਹੋਰ ਪਾਸੇ ਜਾਣ ਲਈ ਕਿਹਾ ਗਿਆ ਹੈ। ਇਸ ਡੈਮ ਦੀ ਉਚਾਈ 770 ਫੁੱਟ ਹੈ। ਇਸ ਇਲਾਕੇ ਵਿਚ 13 ਫ਼ੀਸਦੀ ਭਾਰਤੀ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸਿੱਖ ਭਾਈਚਾਰੇ ਦੇ ਲੋਕ ਹਨ।
ਕੈਲੀਫੋਰਨੀਆ ਦੇ ਵਾਟਰ ਰਿਸੋਰਸ ਵਿਭਾਗ ਨੇ ਦੱਸਿਆ ਕਿ ਡੈਮ ਦਾ ਐਮਰਜੈਂਸੀ ਗੇਟ ਖੋਲ੍ਹ ਦਿੱਤਾ ਗਿਆ ਹੈ। ਇਹ ਗੇਟ ਨੁਕਸਾਨਿਆ ਜਾ ਚੁੱਕਾ ਹੈ ਤੇ ਇਸ ਵਿਚੋਂ ਏਨਾ ਪਾਣੀ ਨਿਕਲ ਰਿਹਾ ਹੈ ਕਿ ਡੈਮ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਵਿਭਾਗ ਨੇ ਕਿਹਾ ਕਿ ਡੈਮ ਦੇ ਡੁੱਬਣ ਵਾਲੇ ਇਲਾਕਿਆਂ ਵਿਚ ਵਸੇ ਲੋਕਾਂ ਨੂੰ ਇਥੋਂ ਤੁਰੰਤ ਹਟ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਡੈਮ ਬਹੁਤ ਮਜ਼ਬੂਤ ਹੈ, ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ।
ਸੂਤਰਾਂ ਅਨੁਸਾਰ ਬੁਰੀ ਤਰ੍ਹਾਂ ਨੁਕਸਾਨੇ ਡੈਮ ਦੇ ਗੇਟ ਹਰ ਸੈਕਿੰਡ ਵਿਚ ਇਕ ਲੱਖ ਕਿਊਬਿਕ ਫੁੱਟ ਪਾਣੀ ਛੱਡ ਰਹੇ ਹਨ। ਇਸ ਵਿਚ ਕਰੀਬ 200 ਫੁੱਟ ਲੰਬਾ ਤੇ 30 ਫੁੱਟ ਡੂੰਘਾ ਖੱਡਾ ਹੋ ਗਿਆ ਹੈ। ਇੰਜਨੀਅਰ ਇਸ ਦਾ ਕਾਰਨ ਸਮਝ ਨਹੀਂ ਪਾ ਰਹੇ। ਇਹ ਕੈਲੀਫੋਰਨੀਆ ਵਿਚ ਇਨਸਾਨ ਦੀ ਬਣਾਈ ਸਭ ਤੋਂ ਵੱਡੀ ਝੀਲ ਹੈ। ਕੈਲੀਫੋਰਨੀਆ ਵਿਚ ਵਾਟਰ ਸਪਲਾਈ ਦਾ ਇਹ ਸਭ ਤੋਂ ਵੱਡਾ ਸਰੋਤ ਹੈ। ਇਸ ‘ਤੇ ਇਥੋਂ ਦੀ ਸਿੰਜਾਈ ਤੇ ਦੱਖਣੀ ਕੈਲੀਫੋਰਨੀਆ ਦਾ ਕਾਰੋਬਾਰ ਵੀ ਨਿਰਭਰ ਕਰਦਾ ਹੈ। ਇਹ ਪਹਿਲੀ ਵਾਰ ਹੈ ਕਿ ਡੈਮ ਦੇ ਕਰੀਬ 50 ਸਾਲ ਦੇ ਇਤਿਹਾਸ ਵਿਚ ਆਰੋਵਿਲ ਝੀਲ ‘ਤੇ ਅਜਿਹੇ ਐਮਰਜੈਂਸੀ ਵਾਲੇ ਹਾਲਾਤ ਬਣੇ ਹਨ। ਕੈਲੀਫੋਰਨੀਆ ਵਿਚ ਕਈ ਵਰ੍ਹਿਆਂ ਤੋਂ ਸੋਕਾ ਪੈ ਰਿਹਾ ਹੈ ਪਰ ਇਸ ਸਾਲ ਭਾਰੀ ਮੀਂਹ ਤੇ  ਬਰਫ਼ਬਾਰੀ ਕਾਰਨ ਨਦੀਆਂ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ।
‘ਰਾਈਟਰ’ ਖ਼ਬਰ ਏਜੰਸੀ ਅਨੁਸਾਰ ਕੈਲੀਫੋਰਨੀਆ ਦੇ ਯੂਬਾ ਸਿਟੀ ਵਿਚ ਨੁਕਸਾਨੇ ਆਰੋਵਿਲ ਬੰਨ੍ਹ ਦੇ ਟੁੱਟਣ ਦੇ ਡਰ ਤੋਂ ਇਕ ਲੱਖ 30 ਹਜ਼ਾਰ ਲੋਕਾਂ ਨੂੰ ਨਾਲ ਲਗਦੇ ਇਲਾਕਿਆਂ ਵਿਚੋਂ ਹਟਾਇਆ ਗਿਆ ਹੈ।
ਤਾਜ਼ਾ ਖ਼ਬਰਾਂ ਅਨੁਸਾਰ ਕੈਲੀਫਰਨੀਆ ਸਮੇਂ ਮੁਤਾਬਕ 8 ਵਜੇ ਓਰੋਵਿਲ ਡੈਮ ‘ਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ, ਜਿਸ ਕਾਰਨ ਡੈਮ ਟੁੱਟਣ ਦਾ ਖਤਰਾ ਘੱਟ ਗਿਆ ਹੈ। ਹੁਣ ਐਮਰਜੈਂਸੀ ਸਪਿੱਲਵੇਅ (ਡੈਮ ਭਰ ਕੇ ਵਗਣ ਵਾਲੀ ਨਹਿਰ) ‘ਚ ਵਗ ਰਿਹਾ ਪਾਣੀ ਬੰਦ ਕਰਕੇ ਜਲਦ ਉਸ ਦੀ ਮੁਰੰਮਤ ਕੀਤੀ ਜਾਵੇਗੀ।
ਇਸ ਕੁਦਰਤੀ ਆਫਤ ਕਾਰਨ ਡੈਮ ਹੇਠਲੇ ਸ਼ਹਿਰਾਂ ਆਰੋਵਿਲ, ਗਰਿਡਲੇ, ਮੈਰਿਸਵਿਲ, ਵੀਟ ਲੈਂਡ, ਪਲੂਮਾਸ ਲੇਕ, ਓਲਿਵਹਸਟ, ਯੂਬਾ ਸਿਟੀ, ਲਾਈਵ ਓਕ ਦੇ 160,000 ਦੇ ਕਰੀਬ ਨਿਵਾਸੀ ਹੋਰਨਾਂ ਸ਼ਹਿਰਾਂ ਵੱਲ ਜਾ ਰਹੇ ਹਨ, ਜਿਸ ਕਾਰਨ ਹਾਈਵੇਅ 99 ਤੇ ਹੋਰ ਰਸਤੇ ਗੱਡੀਆਂ ਨਾਲ ਭਰ ਗਏ ਹਨ। ਕੈਲੀਫੋਰਨੀਆ ਦੇ ਗੁਰਦੁਆਰੇ ਅਤੇ ਪੰਜਾਬੀਆਂ ਨੇ ਆਪਣੇ ਘਰ ਲੋੜਵੰਦਾਂ ਦੇ ਰਹਿਣ ਲਈ ਖੋਲ੍ਹ ਦਿੱਤੇ ਹਨ।
ਦੱਸਣਯੋਗ ਹੈ ਕਿ ਇਸ ਵੱਡੇ ਡੈਮ ‘ਚ 5 ਮਿਲੀਅਨ ਸੁਕੇਅਰ ਫੁੱਟ ਪਾਣੀ ਜਮ੍ਹਾਂ ਹੈ, ਜਿਸ ਨਾਲ ਕੈਲੀਫੋਰਨੀਆ ਦੀ ਸਿੰਜਾਈ ਦੇ ਨਾਲ ਨਾਲ ਇਸ ਤੋਂ ਨਿੱਕਲੇ ਪਾਣੀ ਨਾਲ ਬਿਜਲੀ ਬਣਾ ਕੇ ਲਾਸ ਏਂਜਲਸ ਅਤੇ ਬੇਕਰਸਫੀਲਡ ਵਰਗੇ ਸ਼ਹਿਰਾਂ ਤੱਕ ਭੇਜੀ ਜਾਂਦੀ ਹੈ।