ਭਾਰਤੀ ਅਜ਼ਾਦੀ ਦਿਵਸ ਜਸ਼ਨਾਂ ਵਿਰੁੱਧ ਰੋਹ ਭਰਪੂਰ ਮੁਜ਼ਾਹਰਾ

0
541

5
ਹਰ ਸਾਲ ਵਾਂਗ ਦੂਰੋਂ ਨੇੜ੍ਹਿਓਂ ਪੁੱਜੀਆਂ ਸਿੱਖ ਸੰਗਤਾਂ ਨੇ ਕੀਤੀ ਸ਼ਮੂਲੀਅਤ
ਫਰੀਮਾਂਟ/ਬਲਵਿੰਦਰਪਾਲ ਸਿੰਘ ਖਾਲਸਾ:
ਬੇਅ ਏਰੀਆ ਦੇ ਭਰਵੀਂ ਸਿੱਖ ਵਸੋਂ ਵਾਲੇ ਸ਼ਹਿਰ ਫਰੀਮਾਂਟ ਵਿਚ ਭਾਰਤੀ ਅਜ਼ਾਦੀ ਦੀ 70ਵੀਂ ਵਰੇਗੰਢ ਮੌਕੇ ਇਲਾਕੇ ਦੇ ਗੁਰਦੁਆਰਿਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਰੋਹ ਭਰਪੂਰ ਵਿਰੋਧ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਵਿਚ ਦੂਰੋਂ ਦੂਰੋਂ ਸਿੱਖ ਸੰਗਤਾਂ ਨੇ ਹਿੱਸਾ ਲਿਆ। ਇਸ ਵਾਰ ਸਿੱਖ ਨੌਜਵਾਨਾਂ ਨੇ ਆਪਣੇ ਵੱਡਿਆਂ ਨਾਲ ਮਿਲ ਕੇ ਪੂਰੇ ਜੋਸ਼ ਨਾਲ ਉਤਸ਼ਾਹ ਪੂਰਬਕ ਜੋਸ਼ੀਲਾ ਹਿੱਸਾ ਲਿਆ ਤੇ ਖਾਲਿਸਤਾਨੀ ਨਾਹਰਿਆਂ ਨਾਲ ਇਲਾਕਾ ਗੁੰਜਾ ਦਿੱਤਾ।
ਇਸ ਵਾਰ ਫਰੀਮਾਂਟ, ਟਰਲਕ, ਮੋਡੈਸਟੋ-ਸੀਰੀਜ਼, ਟਰੇਸੀ, ਮਨਟੀਕਾ, ਸਟਾਕਟਨ, ਫਰਿਜ਼ਨੋ-ਬੇਕਰਜ਼ਫੀਲਡ, ਡੈਲਹਾਈ, ਯੂਬਾ ਸਿਟੀ, ਸੈਕਰਾਮੈਂਟੋ, ਸੈਨ ਹੋਜ਼ੇ, ਮਿਲਪੀਟਸ, ਸਾਊਥ ਸੈਨ ਫਰਾਂਸਸਿਕੋ, ਸੈਨ ਮੈਟਿਓ ਤੇ ਲਾਸਏਂਜਲਸ ਸ਼ਹਿਰਾਂ ਤੋਂ ਸਿੱਖ ਸੰਗਤਾਂ ਨੇ ਹਿੱਸਾ ਲਿਆ ਤੇ ਕੁਝ ਨੌਜਵਾਨਾਂ ਨੇ ਜਹਾਜ਼ਾਂ ਰਾਹੀਂ ਮੁਜ਼ਾਹਰੇ ਵਿਚ ਹਿੱਸਾ ਲਿਆ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿਚੋਂ ਫਰੀਮਾਂਟ, ਟਰਲਕ ਤੇ ਸਟਾਕਟਨ ਨੇ ਆਪਣੀ ਸੰਗਤ ਨਾਲ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ।
ਨੌਜਵਾਨਾਂ ਨੇ ਖਾਲਸਾਈ ਨਿਸ਼ਾਨਾਂ, ਖਾਲਿਸਤਾਨੀ ਤੇ ਕਾਲੇ ਝੰਡਿਆਂ ਨਾਲ ਬ੍ਰਾਹਮਣਵਾਦੀ ਜੂਲੇ ਹੇਠ ਪਿਸ ਰਹੀ ਭਾਰਤੀ ਅਜ਼ਾਦੀ ਪਰੇਡ ਦਾ ਸੁਆਗਤ ਕੀਤਾ। ਜਦ ਵੀ ਉਨਾਂ ਵੱਲੋਂ ‘ਭਾਰਤ ਮਾਤਾ ਕੀ ਜੈ’ ਦੇ ਨਾਹਰੇ ਚੁੱਕੇ ਜਾਂਦੇ ਤਾਂ ਇਧਰੋਂ ‘ਖਾਲਿਸਤਾਨ ਜ਼ਿੰਦਾਬਾਦ’ ਤੇ ‘ਚੀਨੀ ਮਾਤਾ ਕੀ ਜੈ’ ਦੇ ਨਾਹਰੇ ਚੁੱਕ ਦਿੱਤੇ ਜਾਂਦੇ, ਜਿਸ ਦਾ ਸਿੱਖ ਸੰਗਤਾਂ ਜ਼ੋਰ ਨਾਲ ਜਵਾਬ ਦੇਂਦੀਆਂ। ਇਹ ਜ਼ੋਰ ਅਜ਼ਮਾਈ ਘੰਟੇ ਤੋਂ ਉਪਰ ਚਲਦੀ ਰਹੀ, ਜਿਸ ਵਿਚ ਸਿੱਖ ਸੰਗਤਾਂ ਦਾ ਹੱਥ ਉਚਾ ਰਿਹਾ।
ਪਰੇਡ ਦੇ ਉਪਰੋਂ ਹਵਾਈ ਜਹਾਜ਼ ਇਕ ਵੱਡਾ ਜਹਾਜ਼ ਖਾਲਿਸਤਾਨੀ ਬੈਨਰ ਲੈ ਕੇ ਉੱਡ ਰਿਹਾ ਸੀ, ਜਿਸ ਉਤੇ ਲਿਖਿਆ ਹੋਇਆ ਸੀ, ”ਇੰਡੀਆ ਆਊਟ ਆਫ ਖਾਲਿਸਤਾਨ”। ਹਵਾਈ ਜਹਾਜ਼ ਦੇ ਬੈਨਰ ਨਾਲ ਸਿੱਖ ਸੰਗਤਾਂ ਨੂੰ ਕਾਫੀ ਉਤਸ਼ਾਹ ਮਿਲਿਆ ਤੇ ਉਹ ਜਦ ਵੀ ਜਹਾਜ਼ ਆਉਂਦਾ, ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਚੁੱਕ ਦੇਂਦੇ। ਭਾਰਤੀ ਪਰੇਡ ਵਿਚਲੇ ਲੋਕ ਵੀ ਜਹਾਜ਼ ਵੱਲ ਵੇਖ ਕੇ ਨਿਰਾਸ਼ ਜਿਹੇ ਲਗ ਰਹੇ ਸਨ। ਫਰੀਮਾਂਟ ਦੀ ਸਾਬਕਾ ਤੇ ਵਰਤਮਾਨ ਸੁਪਰੀਮ ਕੌਂਸਲ ਤੇ ਕਮੇਟੀ ਦੇ ਕਾਫੀ ਸਾਰੇ ਮੈਂਬਰ ਮੁਜ਼ਾਹਰੇ ਵਿਚ ਸ਼ਾਮਲ ਹੋਏ। ਟਰਲਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰੀ  ਗਿਣਤੀ ਵਿਚ ਆਪਣੇ ਪਰਵਾਰ ਤੇ ਸਿੱਖ ਸੰਗਤਾਂ ਮੁਜ਼ਾਹਰੇ ਵਾਸਤੇ ਲਿਆਂਦੀਆਂ ਗਈਆਂ। ਕੈਲੇਫੋਰਨੀਆ ਗਤਕਾ ਦਲ, ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿਖਸ ਫਾਰ ਜਸਟਿਸ ਤੇ ਖਾਲਿਸਤਾਨ ਦੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਪੂਰੇ ਜ਼ੋਰ ਸ਼ੋਰ ਨਾਲ ਮੁਜ਼ਾਹਰੇ ਵਿਚ ਹਿੱਸਾ ਲਿਆ। ਚਾਹ ਪਾਣੀ ਦੇ ਲੰਗਰਾਂ ਦੀ ਸੇਵਾ ਸਦਾ ਦੀ ਤਰਾਂ ਗੁਰਦੁਆਰਾ ਫਰੀਮਾਂਟ ਵੱਲੋਂ ਕੀਤੀ ਗਈ।