ਅਟਲਾਂਟਾ ਹਵਾਈ ਅੱਡੇ ‘ਤੇ ਹਿਰਾਸਤ ਦੌਰਾਨ ਭਾਰਤੀ ਦੀ ਮੌਤ

0
391

atul-kumar
ਨਿਊਯਾਰਕ/ਬਿਊਰੋ ਨਿਊਜ਼ :
ਅਮਰੀਕਾ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲੇ ਅਤੁਲ ਕੁਮਾਰ ਬਾਬੂਭਾਈ ਪਟੇਲ ਦੀ ਅਮਰੀਕੀ ਇਮੀਗਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਦੀ ਹਿਰਾਸਤ ਵਿਚ ਮੌਤ ਹੋ ਗਈ। ਉਸ ਨੂੰ  ਦੋ ਦਿਨਾਂ ਤੱਕ ਅਟਲਾਂਟਾ ਸਿਟੀ ਦੇ ਹਿਰਾਸਤੀ ਕੇਂਦਰ ਵਿਚ ਰੱਖਿਆ ਗਿਆ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਤਕਲੀਫ਼ ਹੋਣ ‘ਤੇ ਅਤੁਲ ਨੂੰ ਅਟਲਾਂਟਾ ਦੇ ਗਰੇਡੀ ਮੈਮੋਰੀਅਲ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ ਜਿਥੇ ਮੁੱਢਲੀ ਜਾਂਚ ਮੁਤਾਬਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਸ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਸ਼ਿਕਾਇਤ ਸੀ। ਉਹ 10 ਮਈ ਨੂੰ ਇਕੁਆਡੋਰ ਤੋਂ ਅਟਲਾਂਟਾ ਹਵਾਈ ਅੱਡੇ ‘ਤੇ ਪਹੁੰਚਿਆ ਸੀ।
ਅਧਿਕਾਰੀਆਂ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪਟੇਲ ਕੋਲ ਲੋੜੀਂਦੇ ਇਮੀਗਰੇਸ਼ਨ ਦਸਤਾਵੇਜ਼ ਨਹੀਂ ਸਨ। ਪਟੇਲ ਦੂਜਾ ਵਿਅਕਤੀ ਹੈ ਜੋ  ਇਸ ਹਫ਼ਤੇ ਇਮੀਗਰੇਸ਼ਨ ਦੀ ਹਿਰਾਸਤ ਵਿਚ ਮਾਰਿਆ ਗਿਆ ਹੈ। ਉਂਜ ਇਸ ਸਾਲ ਹੁਣ ਤੱਕ ਅੱਠ ਵਿਅਕਤੀ ਆਈਸੀਈ ਦੀ ਹਿਰਾਸਤ ਵਿਚ ਮਾਰੇ ਜਾ ਚੁੱਕੇ ਹਨ।