ਪੇਂਡੂ ਲੋਕ ਬਚਾਅ ਰਹੇ ਨੇ ਲਹਿੰਦੇ ਪੰਜਾਬ ‘ਚ ਪੰਜਾਬੀ ਜ਼ੁਬਾਨ: ਡਾ. ਕਾਦਰੀ

0
184

asma-kadri
ਡਾ. ਅਸਮਾਂ ਕਾਦਰੀ ਨਾਲ ਖੜ੍ਹੇ ਅਜਾਇਬ ਸਿੰਘ ਚੱਠਾ ਤੇ ਹੋਰ ਪਤਵੰਤੇ।
ਬਰੈਂਪਟਨ/ਬਿਊਰੋ ਨਿਊਜ਼
”ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਨੂੰ ਪਿੰਡਾਂ ਦੇ ਘੱਟ ਪੜ੍ਹੇ ਜਾਂ ਅਨਪੜ੍ਹ ਲੋਕ ਬਚਾਈ ਬੈਠੇ ਹਨ। ਸ਼ਹਿਰਾਂ ਦੇ ਬਹੁ-ਗਿਣਤੀ ਲੋਕ ਪੰਜਾਬੀ ਵੱਲੋਂ ਬੇਮੁਖ ਹੋ ਰਹੇ ਹਨ ਪਰ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬੀ ਵਸੋਂ ਪਿੰਡਾਂ ਵਿੱਚ ਹੈ। ਪੇਂਡੂ ਲੋਕ ਪੜ੍ਹ-ਲਿਖ ਕੇ ਸ਼ਹਿਰਾਂ ਵੱਲ ਰੁਖ਼ ਕਰ ਰਹੇ ਹਨ, ਇਸ ਕਰਕੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਦਾ ਭਵਿੱਖ ਉੱਜਲ ਹੋਵੇਗਾ। ਸਰਕਾਰ ਪੰਜਾਬੀ ਨੂੰ  ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ।”
ਇਹ ਦਾਅਵਾ ਇੱਥੇ ਪਾਕਿਸਤਾਨ ਦੀ ਪੰਜਾਬੀ ਲੇਖਿਕਾ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਪੰਜਾਬੀ ਦੀ ਪ੍ਰੋਫੈਸਰ ਡਾ. ਅਸਮਾਂ ਕਾਦਰੀ ਨੇ ਉਨ੍ਹਾਂ ਦੇ ਸਨਮਾਨ ਵਿੱਚ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵੱਲੋਂ ਰੱਖੇ ਸਮਾਗਮ ਵਿੱਚ ਬੋਲਦਿਆਂ ਕੀਤਾ ।
ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਗੁਰਮੁਖੀ ਤੇ ਸ਼ਾਹਮੁਖੀ ਲਿਪੀ ਦਾ ਸਾਂਝਾ ਫੌਂਟ ਬਣਾਇਆ ਜਾਵੇ ਭਾਵ ਇਹ ਫੌਂਟ ਦੋਵਾਂ ਲਿੱਪੀਆਂ ਵਿੱਚ ਕਨਵਰਟ ਹੋਵੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਪੰਜਾਬੀ ਬੁੱਧੀਜੀਵੀ ਵਰਗ ਜੱਦੋ-ਜਹਿਦ ਕਰ ਰਿਹਾ ਹੈ ਕਿ ਸਕੂਲਾਂ ਵਿੱਚ ਸ਼ਾਹਮੁਖੀ ਲਿਪੀ ਵਿੱਚ ਪੰਜਾਬੀ ਪੜ੍ਹਾਈ ਜਾਵੇ। ਉਨ੍ਹਾਂ ਦੱਸਿਆ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸ਼ਾਹਮੁਖੀ ਪੂਰੀ ਤਰ੍ਹਾਂ ਲਾਗੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਪੰਜਾਬੀ ਸਾਹਿਤ  ਵੱਡੇ ਪੱਧਰ ‘ਤੇ ਰਚਿਆ ਜਾ ਰਿਹਾ ਹੈ। ਸੰਸਥਾ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ ਨੇ ਸੰਸਥਾ ਵੱਲੋਂ 10 ਜੂਨ ਨੂੰ  ਕਰਵਾਏ ਜਾ ਰਹੇ ਵਿਸ਼ਵ ਪੰਜਾਬੀ ਮੁਕਾਬਲਿਆਂ ਬਾਰੇ ਦੱਸਿਆ।
ਇਸ ਮੌਕੇ ਡਾ. ਰਮਨ ਬੱਤਰਾ, ਰਾਮ ਪਵਾਰ, ਕੌਂਸਲਰ ਅੰਸ਼ੂ ਖੁਰਾਨਾ, ਹਲੀਮਾ ਸ਼ਾਦੀਆ, ਤਾਹਿਰ ਅਸਲਮ ਗੋਰਾ, ਭੁਪਿੰਦਰ ਸਿੰਘ ਬਾਜਵਾ, ਹਰਪ੍ਰੀਤ ਸਿੰਘ ਦਰਦੀ, ਜਸਪ੍ਰੀਤ ਕੌਰ ਭੰਵਰ ਅਤੇ ਤ੍ਰਿਪਤਾ ਸੋਢੀ ਨੇ ਵੀ ਆਪਣੇ ਵਿਚਾਰ ਰੱਖੇ।