ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਆਇਆ ਅਮਰੀਕਾ

0
421

america-jalwayu-samjhota
ਭਾਰਤ ਸਮੇਤ ਕਈ ਮੁਲਕਾਂ ਵਲੋਂ ਫ਼ੈਸਲੇ ਦੀ ਨਿਖੇਧੀ
ਟਰੰਪ ਬੋਲੇ-ਸਮਝੌਤੇ ਦਾ ਭਾਰਤ ਤੇ ਚੀਨ ਨੂੰ ਜ਼ਿਆਦਾ ਲਾਭ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੈਰਿਸ ਵਾਤਾਵਰਣ ਸਮਝੌਤੇ ਤੋਂ ਅਮਰੀਕਾ ਦੇ ਪਿੱਛੇ ਹਟਣ ਦਾ ਐਲਾਨ ਕੀਤਾ ਹੈ ਅਤੇ ਵਿਸ਼ਵ ਦੇ ਵਧ ਰਹੇ ਤਾਪਮਾਨ ਨੂੰ ਘੱਟ ਕਰਨ ਦੇ ਯਤਨਾਂ ਨੂੰ ਲੀਹ ਤੋਂ ਲਾਹ ਦਿੱਤਾ ਹੈ। ਟਰੰਪ ਦੇ ਇਸ ਫ਼ੈਸਲੇ ‘ਤੇ ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਨੇ ਸਖ਼ਤ ਪ੍ਰਤੀਕਰਿਆ ਜ਼ਾਹਰ ਕੀਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੋਈ ਕਦਮ ਨਾ ਚੁੱਕਣਾ ਨੈਤਿਕ ਅਪਰਾਧ ਹੋਵੇਗਾ। ਟਰੰਪ ਨੇ ਵ੍ਹਾਈਟ ਹਾਊਸ ਰੋਜ਼ ਗਾਰਡਨ ਤੋਂ ਆਪਣੇ ਸੰਬੋਧਨ ਵਿਚ ਇਹ ਐਲਾਨ ਕੀਤਾ ਕਿ ਅਮਰੀਕਾ 195 ਦੇਸ਼ਾਂ ਦੇ ਖਰਾਬ ਸਮਝੌਤੇ ਨੂੰ ਲਾਗੂ ਕਰਨ ਨੂੰ ਤੁਰੰਤ ਰੋਕੇਗਾ। ਉਨ੍ਹਾਂ ਕਿਹਾ ਕਿ ਉਹ ਆਪਣੀ ਸਮਝ ਮੁਤਾਬਕ ਉਸ ਸਮਝੌਤੇ ਦਾ ਸਮਰਥਨ ਨਹੀਂ ਕਰ ਸਕਦਾ ਜੋ ਅਮਰੀਕਾ ਨੂੰ ਸਜ਼ਾ ਦਿੰਦਾ ਹੈ। ਇਹ ਸਮਝੌਤਾ ਸਾਡੇ ਦੇਸ਼ ‘ਤੇ ਭਾਰੀ ਵਿੱਤੀ ਅਤੇ ਆਰਥਿਕ ਭਾਰ ਪਾਉਂਦਾ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਕੀਤੇ ਇਸ ਸਮਝੌਤੇ ਨੂੰ ਟਰੰਪ ਨੇ ਇਸ ਤਰ੍ਹਾਂ ਦਾ ਸੰਧੀ ਪੱਤਰ ਕਰਾਰ ਦਿੱਤਾ ਹੈ ਜੋ ਅਮਰੀਕਾ ਲਈ ਨੁਕਸਾਨ ਵਾਲਾ ਅਤੇ ਆਰਥਿਕ ਵਿਰੋਧੀ ਦੇਸ਼ਾਂ ਭਾਰਤ, ਚੀਨ ਅਤੇ ਯੂਰਪੀਨ ਦੇਸ਼ਾਂ ਲਈ ਲਾਭਕਾਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੀਟਰਸਬਰਗ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਗਿਆ ਹੈ ਨਾ ਕਿ ਪੈਰਿਸ ਦੀ। ਟਰੰਪ ਨੇ ਇਹ ਨਹੀਂ ਦੱਸਿਆ ਕਿ ਸਮਝੌਤੇ ਤੋਂ ਅਮਰੀਕਾ ਦੇ ਬਾਹਰ ਆਉਣ ਦੀ ਪ੍ਰਕਿਰਿਆ ਰਸਮੀ ਰੂਪ ਵਿਚ ਕਦੋਂ ਸ਼ੁਰੂ ਹੋਵੇਗੀ। ਉਨ੍ਹਾਂ ਇਕ ਵਾਰ ਇਹ ਵੀ ਸੰਕੇਤ ਦਿੱਤਾ ਕਿ ਸਮਝੌਤੇ ਬਾਰੇ ਫਿਰ ਤੋਂ ਗੱਲਬਾਤ ਹੋ ਸਕਦੀ ਹੈ। ਟਰੰਪ ਨੇ ਕਿਹਾ ਕਿ ਉਹ ਸਮਝੌਤੇ ਬਾਰੇ ਫਿਰ ਗੱਲਬਾਤ ਕਰਨੀ ਸ਼ੁਰੂ ਕਰਨਗੇ ਅਤੇ ਇਹ ਦੇਖਣਗੇ ਕਿ ਅਸੀਂ ਇਸ ਤਰ੍ਹਾਂ ਦਾ ਸਮਝੌਤਾ ਕਰ ਸਕਦੇ ਹਾਂ ਜੋ ਸਹੀ ਹੋਵੇ। ਜੇਕਰ ਹੋ ਸਕਿਆ ਤਾਂ ਜ਼ਰੂਰ ਕਰਾਂਗੇ ਅਤੇ ਜੇਕਰ ਨਾ ਕਰ ਸਕੇ ਤਾਂ ਵੀ ਕੋਈ ਗੱਲ ਨਹੀਂ।
ਟਰੰਪ ਤੋਂ ਯੂਰਪੀਨ ਦੇਸ਼ ਨਾਰਾਜ਼ :
ਟਰੰਪ ਦੇ ਐਲਾਨ ਨੂੰ ਯੂਰਪ ਦੇ ਗੁੱਸੇ ਹੋਏ ਉਸ ਦੇ ਸਹਿਯੋਗੀ ਦੇਸ਼ਾਂ ਸਮੇਤ ਕਈ ਦੇਸ਼ਾਂ ਨੇ ਖਾਰਜ ਕਰ ਦਿੱਤਾ ਹੈ। ਫਰਾਂਸ, ਜਰਮਨੀ ਤੇ ਇਟਲੀ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਸਮਝੌਤੇ ‘ਤੇ ਫਿਰ ਗੱਲਬਾਤ ਨਹੀਂ ਹੋ ਸਕਦੀ। ਅਮਰੀਕਾ ਚੀਨ ਪਿੱਛੋਂ ਗਰੀਨ ਹਾਊਸ ਗੈਸਾਂ ਵਿਸਰਜਤ ਕਰਨ ਵਾਲਾ ਵਿਸ਼ਵ ਦਾ ਦੂਸਰਾ ਵੱਡਾ ਦੇਸ਼ ਹੈ। ਇਸ ਕਾਰਨ ਟਰੰਪ ਦੇ ਫ਼ੈਸਲੇ ਨਾਲ ਵਿਸ਼ਵ ਤਾਪਮਾਨ ਵਿਚ ਵਾਧੇ ਨੂੰ ਘਟਾਉਣ ਦੇ ਯਤਨਾਂ ‘ਤੇ ਉਲਟਾ ਅਸਰ ਪਵੇਗਾ।
ਬਰਾਕ ਓਬਾਮਾ ਵਲੋਂ ਨਿੰਦਾ :
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਦੂਸਰੇ ਸਿਆਸੀ ਨੇਤਾਵਾਂ ਨੇ ਡੋਨਲਡ ਟਰੰਪ ਦੇ ਇਤਿਹਾਸਕ ਪੈਰਿਸ ਵਾਤਾਵਰਣ ਸਮਝੌਤੇ ਤੋਂ ਪਿੱਛੇ ਹਟਣ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੀ ਵਿਸ਼ਵ ਲੀਡਰਸ਼ਿਪ ਗੁਆ ਦਿੱਤੀ ਹੈ ਅਤੇ ਦੇਸ਼ ਨੂੰ ਉਨ੍ਹਾਂ ਮੁੱਠੀ ਭਰ ਛੋਟੇ ਦੇਸ਼ਾਂ ਵਿਚ ਸ਼ਾਮਲ ਕਰ ਦਿੱਤਾ ਹੈ ਜਿਹੜੇ ਭਵਿੱਖ ਨੂੰ ਨਾਕਾਰ ਰਹੇ ਹਨ।