ਨਿਰੀਆਂ ਗੱਲਾਂ ਨਾਲ ਕੁਰਬਾਨੀ ਬਾਰੇ ਚਰਚਾ ਕਰਨਾ ਸ਼ਹੀਦਾਂ ਦੀਆਂ ਪਵਿੱਤਰ ਰੂਹਾਂ ਨਾਲ ਬੇਇਨਸਾਫੀ : ਭਾਈ ਅਜਮੇਰ ਸਿੰਘ

0
411

013-001
ਸ਼ਹੀਦ ਭਾਈ ਜਿੰਦਾ ਤੇ ਭਾਈ ਸੁੱਖਾ ਦੇ ਸਿਦਕ ਤੇ ਸਿਰੜ ਉਤੇ ਪਹਿਰਾ ਦੇਣ ਦਾ ਸੱਦਾ
ਫਰੀਮੌਂਟ/ਬਲਵਿੰਦਰਪਾਲ ਸਿੰਘ ਖਾਲਸਾ :
ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਖਾਲਿਸਤਾਨ ਦੇ ਮਹਾਨ ਸ਼ਹੀਦਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਸਮਾਗਮ ਉਤੇ ਸਿੱਖ ਚਿੰਤਕ, ਵਿਦਵਾਨ ਤੇ ਇਤਿਹਾਸਕਾਰ ਭਾਈ ਅਜਮੇਰ ਸਿੰਘ ਨੇ ਉਨ੍ਹਾਂ ਦੀ ਸ਼ਹਾਦਤ ਉਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਬੜੇ ਉਸਾਰੂ, ਜਜ਼ਬਾਤੀ ਤੇ ਨਿੱਗਰ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜਿਹੇ ਸ਼ਹੀਦਾਂ ਦੇ ਜੀਵਨ ਉਤੇ ਬੋਲਣਾ ਕੋਈ ਸੌਖਾ ਕਾਰਜ ਨਹੀਂ। ਉਨ੍ਹਾਂ ਦੀ ਸ਼ਹਾਦਤ ਏਨੀ ਮਹਾਨ ਹੈ ਕਿ ਕੁਝ ਕਹਿਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਨਿਰੀਆਂ ਗੱਲਾਂ ਨਾਲ ਉਨ੍ਹਾਂ ਦੀ ਕੁਰਬਾਨੀ ਬਾਰੇ ਚਰਚਾ ਕਰਨ ਨਾਲ ਨਿਰਾ ਖਾਲੀਪਣ ਹੀ ਪੈਦਾ ਹੁੰਦਾ ਹੈ ਜੋ ਸ਼ਹੀਦਾਂ ਦੀਆਂ ਪਵਿੱਤਰ ਰੂਹਾਂ ਨਾਲ ਬੇਇਨਸਾਫੀ ਹੈ। ਭਾਈ ਜਿੰਦਾ ਤੇ ਭਾਈ ਸੁੱਖਾ ਦੀ ਕੁਰਬਾਨੀ ਦੇ ਉਨ੍ਹਾਂ ਪਲਾਂ ਨੂੰ ਸ਼ਬਦਾਂ ਵਿਚ ਢਾਲਣ ਲਈ ਉਨ੍ਹਾਂ ਜਿਹੇ ਜਜ਼ਬੇ ਦੀ ਲੋੜ ਪੈਂਦੀ ਹੈ, ਜਿਸ ਤੋਂ ਸਰਸ਼ਾਰ ਹੋ ਕੇ ਉਨ੍ਹਾਂ ਬਰਫੀ ਵੰਡਦਿਆਂ ਤੇ ਮੁਸਕਰਾਉਂਦਿਆਂ ਫਾਂਸੀ ਦੇ ਰੱਸੇ ਨੂੰ ਚੁੰਮਿਆ।
ਭਾਈ ਅਜਮੇਰ ਸਿੰਘ ਨੇ ਕਿਹਾ ਕਿ ਸਾਡੇ ਤੇ ਸ਼ਹੀਦਾਂ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਪਰ ਹੈ ਉਹ ਸਾਡੇ ਵਰਗੇ ਹੀ ਸਨ। ਪਰ ਸੋਚ ਵਿਚ ਅੰਤਰ ਸੀ। ਜਜ਼ਬੇ ਵਿਚ ਬਹੁਤ ਵੱਡਾ ਸਨੇਹ ਸੀ। ਗੁਰੂ ਸਾਹਿਬ ਨਾਲ ਤੇ ਖਾਲਸਾ ਪੰਥ ਨਾਲ ਅੰਤਾਂ ਦੀ ਮੁਹਬੱਤ ਸੀ। ਉਹ ਸਿੱਖ ਕੌਮ ਦੀ ਪੀੜ ਨੂੰ ਬਹੁਤ ਨੇੜਿਓਂ ਮਹਿਸੂਸ ਕਰਦੇ ਸਨ। ਉਨ੍ਹਾਂ ਸਾਰਾ ਜ਼ੁਲਮੋ ਤਸ਼ਦੱਦ ਆਪ ਵੇਖਿਆ ਤੇ ਹੱਢੀਂ ਹੰਢਾਇਆ ਸੀ। ਉਹ ਭਾਰਤ ਸਰਕਾਰ ਦੀ ਸਿੱਖਾਂ ਨਾਲ ਦੁਸ਼ਮਣੀ ਨੂੰ ਨਿਰਾ ਸਾਹਮਣੇ ਹੀ ਨਹੀਂ ਸਨ ਤੱਕਦੇ ਪਰ ਮਹਿਸੂਸ ਕਰਦੇ ਸਨ ਤੇ ਅਨੁਭਵ ਕਰਦੇ ਸਨ ਕਿ ਭਾਰਤ ਦਾ ਹਿੰਦੂ ਸਾਮਰਾਜ ਸਿੱਖੀ ਦਾ ਖਾਤਮਾ ਚਾਹੁੰਦਾ ਹੈ ਤੇ ਇਸ ਨੂੰ ਬਚਾਉਣ ਲਈ ਕੁਰਬਾਨੀ ਦੀ ਲੋੜ ਹੈ। ਉਹ ਸਿੱਖ ਕੌਮ ਦੀ ਪੀੜ ਨੂੰ ਸਦਾ ਆਪਣੇ ਉਤੇ ਕੀਤੇ ਤਸ਼ਦੱਦ ਦੇ ਤੌਰ ‘ਤੇ ਵੇਖਦੇ ਸਨ।
ਭਾਈ ਅਜਮੇਰ ਸਿੰਘ ਨੇ ਦੱਸਿਆ ਕਿ ਫਾਂਸੀ ਚੜ੍ਹਨ ਤੋਂ ਬਹੁਤ ਪਹਿਲਾਂ ਉਹ ਹਰ ਤਰ੍ਹਾਂ ਦੇ ਲਾਲਚਾਂ, ਡਰਾਂ ਤੇ ਤ੍ਰਿਸ਼ਨਾਵਾਂ ਤੋਂ ਉਪਰ ਉਠ ਗਏ ਸਨ। ਉਹ ਆਮ ਜਿਹੇ ਭੀੜ ਵਾਲੇ ਸਿੱਖ ਨਹੀਂ ਸਨ ਰਹੇ। ਉਨ੍ਹਾਂ ਉਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਕੋਈ ਖਾਸ ਮੇਹਰ ਹੋ ਗਈ ਜਾਪਦੀ ਸੀ। ਉਨ੍ਹਾਂ ਦੀਆਂ ਜੇਲੋਂ ਲਿਖੀਆਂ ਚਿੱਠੀਆਂ ਇਹ ਦੱਸ ਪਾਉਂਦੀਆਂ ਹਨ ਕਿ ਉਨ੍ਹਾਂ ਪਿਆਰੇ ਦਾ ਇਲਾਹੀ ਦੇਸ਼ ਤੱਕ ਲਿਆ ਸੀ। ਜਿਥੇ ਜਾਣ ਲਈ ਉਹ ਕਾਹਲੇ ਸਨ ਪਰ ਖਾਲਿਸਤਾਨ ਦੀ ਪ੍ਰਾਪਤੀ ਲਈ ਦ੍ਰਿੜ ਸਨ। ਉਹ ਮਹਿਸੂਸ ਕਰਦੇ ਸਨ ਕਿ ਸਿੱਖ ਕੌਮ ਦੇ ਖਾਤਮੇ ਨੂੰ ਰੋਕਣ ਲਈ ਇਕ ਆਜ਼ਾਦ ਦੇਸ਼ ਦੀ ਲੋੜ ਹੈ। ਇਸ ਲਈ ਉਨ੍ਹਾਂ ਅਜ਼ਾਦੀ ਦੀ ਗੱਲ ਕੀਤੀ ਤੇ ਖਾਲਿਸਤਾਨ ਜ਼ਿੰਦਾਬਾਦ – ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਇਸ ਫਾਨੀ ਸੰਸਾਰ ਤੋਂ ਅਲਵਿਦਾ ਲਈ। ਖਾਲਿਸਤਾਨ ਲਈ ਉਨ੍ਹਾਂ ਦਾ ਯੋਗਦਾਨ ਬਹੁਤ ਉਚਾ ਸੁੱਚਾ ਹੈ ਤੇ ਸਾਨੂੰ ਜੀਵਨ ਵਿਚ ਵਿਚਰਦਿਆਂ ਵੀ ਉਨ੍ਹਾਂ ਦੇ ਜਜ਼ਬੇ ਤੋਂ ਸੇਧ ਲੈ ਕੇ ਚੱਲਣ ਦੀ ਲੋੜ ਹੈ, ਉਨ੍ਹਾਂ ਦੇ ਜਜ਼ਬੇ ਨੂੰ ਜੀਵਨ ਵਿਚ ਢਾਲਣ ਦੀ ਲੋੜ ਹੈ। ਉਨ੍ਹਾਂ ਵਾਂਗ ਹੀ ਹੱਕ, ਸੱਚ ਤੇ ਇਨਸਾਫ ਉਤੇ ਪਹਿਰਾ ਦੇਣ ਦੀ ਲੋੜ ਹੈ ਤੇ ਜੇ ਲੋੜ ਪਏ ਤਾਂ ਕੁਰਬਾਨੀ ਕਰਨ ਦੀ ਲੋੜ ਹੈ। ਜੈਕਾਰਿਆਂ ਦੀ ਗੂੰਜ ਵਿਚ ਸ. ਅਜਮੇਰ ਸਿੰਘ ਦੇ ਵਿਚਾਰਾਂ ਦੀ ਸੰਪੂਰਨਤਾ ਕੀਤੀ ਗਈ।
ਸਮਾਗਮ ਦੇ ਅੰਤ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਅਜਮੇਰ ਸਿੰਘ ਨੂੰ ਸਿਰੋਪਾ ਸਾਹਿਬ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ।