ਪੰਜਾਬ ਵਿਚ ਗ੍ਰਿਫਤਾਰ ਕੀਤੇ ਗਏ ਨਿਰਦੋਸ਼ ਸਿੱਖਾਂ ਦੀ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇ : ਏਜੀਪੀਸੀ

0
286

hothi-1
ਮਿਲਪੀਟਸ/ਬਿਊਰੋ ਨਿਊਜ਼:
ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਚ ਹਫਤਾਵਾਰੀ ਦੀਵਾਨ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਸੰਪੂਰਨ ਹੋਏ, ਰਾਗੀ ਸਿੰਘਾਂ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਏਜੀਪੀਸੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬ ਪੁਲੀਸ ਰਾਹੀਂ ਫੜੇ ਗਏ ਨਿਰਦੋਸ਼ ਚਾਰ ਵਿਦੇਸ਼ੀ ਸਿੱਖਾਂ ਬਾਰੇ ਜਾਣਕਾਰੀ ਦਿੱਤੀ। ਜਿਨ੍ਹਾਂ ਵਿਚ, ਜਗਤਾਰ ਸਿੰਘ ਜੌਹਲ (ਜੱਗੀ) ਇੰਗਲੈਂਡ ਤੋਂ ਤਲਜੀਤ ਸਿੰਘ ਇੰਗਲੈਂਡ ਤੋਂ ਹਰਦੀਪ ਸਿੰਘ ਇਟਲੀ ਤੋਂ ਰਮਨਦੀਪ ਸਿੰਘ ਕਨੇਡੀਅਨ ਸ਼ਾਮਲ ਹਨ। ਇਨਾਂ ਸਾਰਿਆਂ ਉਤੇ ਪੁਲੀਸ ਨੇ ਝੂਠੇ ਮੁਕਦੱਮੇ ਦਰਜ ਕਰਕੇ ਪੁਲੀਸ ਹਿਰਾਸਤ ਵਿਚ ਬੇਰਹਿਮੀ ਵਾਲਾ ਰਵਈਆਂ ਅਖਤਿਆਰ ਕਰਦਿਆਂ ਅਣਮਨੁੱਖੀ ਤਸ਼ਦੱਦ ਕੀਤਾ ਹੈ ਜੋ ਬੰਦ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਬਿਨਾਂ ਸ਼ਰਤ ਰਿਹਾਈ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਰਿੰਦਗੀ ਭਰੇ ਕੰਮ ਤੁਰੰਤ ਬੰਦ ਕਰਨੇ ਚਾਹੀਦੇ ਹਨ।
ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਦੇ ਭਾਈ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਇਹ ਮਸਲਾ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਦੇ ਚੇਅਰਮੈਨ ਜਾਹਨ ਗਰਮੈਂਡੀ ਦੇ ਧਿਆਨ ਵਿਚ ਲਿਆਂਦਾ ਹੈ ਜਿਨ੍ਹਾਂ ਇਸ ਸਬੰਧੀ ਉਚਿਤ ਕਾਰਵਾਈ ਕਰਨ ਦਾ ਭਰੋਸਾ ਦੁਆਇਆ ਹੈ। ਇਸ ਤੋਂ ਇਲਾਵਾ ਗ੍ਰਿਫਤਾਰੀਆਂ ਦਾ ਗੰਭੀਰ ਮਸਲਾ ਸਟੇਟ ਡਿਪਾਰਟਮੈਂਟ ਤੇ ਯੂਸਰਫ (ਯੂਨਾਈਟਡ ਸਟੇਟਸ ਕਮਿਸ਼ਨ ਆਨ ਇੰਟਰਨੈਸ਼ਨਲ ਰੈਲਜੀਅਜ਼ ਫਰੀਡਮ) ਦੇ ਧਿਆਨ ਵਿਚ ਲਿਆਂਦਾ ਹੈ ਆਪਣੇ ਢੰਗ ਨਾਲ ਫੜੇ ਗਏ ਸਿੱਖਾਂ ਨੂੰ ਛੁਡਾਉਣ ਬਾਰੇ ਕਾਰਵਾਈ ਕਰਨਗੇ ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਆਪਣੇ ਪਰਿਵਾਰਾਂ ਨੂੰ ਮਿਲਣ ਗਏ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ਉਤੇ ਫੜ ਕੇ ਹਿਰਾਸਤ ਦੌਰਾਨ ਭਾਰੀ ਸਰੀਰਕ ਤਸ਼ਦੱਦ ਦੇਣਾ ਲੋਕਤੰਤਰੀ ਸਰਕਾਰਾਂ ਦਾ ਕੰਮ ਨਹੀਂ। ਘੱਟ ਗਿਣਤੀਆਂ ਨੂੰ ਸਾਜ਼ਿਸ਼ ਤਹਿਤ ਡਰਾਉਣਾ ਤੇ ਉਨਾਂ ਵਿਚ ਡਰ ਦੀ ਭਾਵਨਾ ਪੈਦਾ ਕਰਨਾ ਕਿਸੇ ਵੀ ਤਰਾਂ ਦਰੁਸਤ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਸਿੱਖ ਸੰਗਤਾਂ ਨੂੰ ਭਰੋਸਾ ਦੁਆਇਆ ਕਿ ਸਿੱਖ ਕਾਕਸ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੇਗਾ ਕਿ ਅਮਰੀਕਾ ਸਰਕਾਰ ਭਾਰਤ ਉਤੇ ਦਬਾਅ ਬਣਾ ਕੇ ਠੀਕ ਪਹੁੰਚ ਅਪਨਾਉਣ ਲਈ ਰਜ਼ਾਮੰਦ ਕਰੇ।