ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਰੀਕਨ ਸਿੱਖ ਕੌਕਸ ਕਮੇਟੀ ਵੱਲੋਂ ਜਲਾਲਾਬਾਦ ਹਮਲੇ ਦੀ ਸਖਤ ਸ਼ਬਦਾਂ ‘ਚ ਨਿੰਦਾ

0
104

agpc

ਅਮਰੀਕਨ ਸਰਕਾਰ ਤੋਂ ਮੰਗੀ ਗਈ ਮਦਦ
ਫਰੀਮੌਂਟ/ਬਲਵਿੰਦਰਪਾਲ ਸਿੰਘ ਖਾਲਸਾ :
ਅਮਰੀਕਨ ਗੁਰਦੁਆਰਾ ਪ੍ਰਬੰਧਕ  ਕਮੇਟੀ ਅਤੇ ਅਮਰੀਕੀ ਸਿੱਖ ਕੌਕਸ ਕਮੇਟੀ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਅਫਗਾਨਿਸਤਾਨ ਵਿੱਚ ਹੋਏ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਹੈ। ਇਸ ਹਮਲੇ ‘ਚ ਅਫਗਾਨਿਸਤਾਨ ਦੇ ਸਿੱਖ  ਆਗੂ ਅਵਤਾਰ ਸਿੰਘ ਖ਼ਾਲਸਾ ਸਮੇਤ 19 ਲੋਕ ਸ਼ਹੀਦ ਹੋ ਗਏ ਸਨ। ਸ਼ਹੀਦ ਹੋਣ ਵਾਲਿਆਂ ਵਿਚ ਬਹੁਗਿਣਤੀ ਅਫਗਾਨ ਸਿੱਖ ਸਨ।
ਏਜੀਪੀਸੀ ਅਤੇ ਕੌਕਸ ਕਮੇਟੀ ਨੇ ਅਮਰੀਕਨ ਸਟੇਟ ਡਿਪਾਰਟਮੈਂਟ ਨੂੰ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ਸਰਕਾਰ ਨਾਲ ਗੱਲ ਕਰਕੇ ਓਥੇ ਰਹਿ ਰਹੇ ਸਿੱਖ ਭਾਈਚਾਰੇ  ਦੀ ਸੁਰੱਖਿਆ ਯਕੀਨੀ ਬਣਾਉਣ।
ਏਜੀਪੀਸੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ ਅਤੇ  ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ , ਕੌਕਸ  ਕਮੇਟੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਇੱਕ ਬਹੁਤ ਘਾਤਕ ਹਮਲਾ ਸੀ। ਉਨ੍ਹਾਂ ਕਿਹਾ ਕਿ ਅਮਰੀਕਨ ਫ਼ੌਜ ਅਜੇ ਵੀ ਅਫਗਾਨਿਸਤਾਨ ‘ਚ ਹੈ। ਉਹ ਮਹਿਸੂਸ ਕਰਦੇ ਹਨ ਕਿ ਅਮਰੀਕਨ ਫੌਜੀ ਓਥੇ ਰਹਿ ਰਹੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ।
ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ,“ਅਸੀਂ ਅਮਰੀਕਨ ਸਟੇਟ ਡਿਪਾਰਟਮੈਂਟ ਅਤੇ ਅਮਰੀਕਨ ਸਿੱਖ ਕਾਂਗਰਸਨਲ ਕੌਕਸ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਸਲੇ ਬਾਰੇ ਪਹਿਲ ਦੇ ਅਧਾਰ ਤੇ ਅਫਗਾਨਿਸਤਾਨ  ਸਰਕਾਰ ਨਾਲ ਗੱਲ ਕਰਨ।”
ਏਜੀਪੀਸੀ ਨੇ ਇਸ ਹਮਲੇ ਚ ਸ਼ਹੀਦ ਹੋਏ ਸਰਦਾਰ ਅਵਤਾਰ ਸਿੰਘ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ।
ਹਰਪ੍ਰੀਤ ਸੰਧੂ ਦਾ ਕਹਿਣਾ ਸੀ ਕਿ ਉਹ ਅਫਗਾਨਿਸਤਾਨ ‘ਚ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਅਤੇ ਜਾਨ-ਮਾਲ ਦੀ ਸੁਰਖਿਆ ਲਈ ਅਮਰੀਕਨ ਕਾਂਗਰਸਮੈਂਨ ਨੂੰ ਮਿਲਣਗੇ। ਉਨ੍ਹਾਂ ਦੱਸਿਆ ਕਿ ਉਹ ਸਟੇਟ ਡਿਪਾਰਟਮੈਂਟ  ਦੇ ਅਧਿਆਕਰੀਆਂ ਨਾਲ ਸੰਪਰਕ ਵਿਚ ਹਨ ਤੇ ਉਂਮੀਦ  ਕਰਦੇ ਨੇ ਕਿ ਅਮਰੀਕਨ ਸਰਕਾਰ ਅਫਗਾਨਿਸਤਾਨ ‘ਚ ਰਹਿ ਰਹੇ ਸਿੱਖਾਂ ਦੇ ਮਸਲਿਆਂ ਨੂੰ ਪੁਰਜ਼ੋਰ ਤਰੀਕੇ ਨਾਲ ਅਫ਼ਗ਼ਾਨਿਸਤਾਨ ਸਰਕਾਰ ਕੋਲ ਚੁੱਕਣਗੇ।
ਡਾਕਟਰ ਪ੍ਰਿਤਪਾਲ ਸਿੰਘ ਤੇ ਜਸਵੰਤ ਸਿੰਘ ਹੋਠੀ ਨੇ ਬਿਆਨ ਵਿਚ ਅੱਗੇ ਚੱਲਕੇ ਕਿਹਾ ਕਿ  ਅਫਗਾਨਿਸਤਾਨ ਵਿਚਲੇ ਇਸ ਕਤਲੇਆਮ ਵਿਚ ਭਾਰਤ ਦੀ ਖੁਫੀਆ ਏਜੰਸੀ ਰਾਅ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਦੀ ਸੋਸ਼ਲ ਮੀਡੀਏ ਉਤੇ ਵੀ ਭਾਰੀ ਚਰਚਾ ਹੈ।