ਏਜੀਪੀਸੀ ਵਲੋਂ ਖਾਲਸਾ ਰਾਜ ਦੀਆਂ ਬਰਕਤਾਂ ਤੇ ਬਖਸ਼ਿਸ਼ਾਂ ਸਬੰਧੀ ਸ਼ਾਨਦਾਰ ਵਿਚਾਰ ਗੋਸ਼ਟੀ

0
204

004-001
ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਮਹਾਨ ਖਾਲਸਾ ਰਾਜ ਦੀ ਨੀਂਹ ਰੱਖੀ- ਡਾ. ਉਦੋਕੇ
ਸਿੱਖ ਕੌਮ ਇਕਠੇ ਹੋ ਕੇ ਖਾਲਿਸਤਾਨ ਦੀ ਸਥਾਪਤੀ ਵੱਲ ਵਧੇ – ਡਾ. ਅਮਰਜੀਤ ਸਿੰਘ
ਮਿਲਪੀਟਸ/ਬਲਵਿੰਦਰਪਾਲ ਸਿੰਘ ਖਾਲਸਾ:
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਿਲਪੀਟਸ ਦੇ ਗੁਰਦੁਆਰਾ ਸਿੰਘ ਸਭਾ ਵਿਚ ਪੈਗ਼ੰਬਰਾਂ ਦੇ ਸ਼ਹਿਨਸ਼ਾਹ ਦੁਆਰਾ ਵਰੋਸਾਏ ਜਥੇਦਾਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੁਆਰਾ ਸ਼ਥਾਪਤ ਕੀਤੇ ਖਾਲਸਾ ਰਾਜ ਬਾਰੇ ਤੇ ਮਿਸਲਾਂ ਤੋਂ ਬਾਦ ਸ਼ਥਾਪਤ ਕੀਤੇ ਦੂਜੇ ਖਾਲਸਾ ਰਾਜ ਤੇ ਉਸਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਉਤੇ ਗੁਰਦੁਆਰਾ ਸਾਹਿਬ ਦੇ ਸੈਮੀਨਾਰ ਹਾਲ ਵਿਚ ਇਕ ਸ਼ਾਨਦਾਰ ਵਿਚਾਰ ਗੋਸ਼ਟੀ ਦਾ ਪ੍ਰਬੰਧ ਕੀਤਾ, ਜਿਸ ਵਿਚ ਕਈ ਕਿਤਾਬਾਂ ਦੇ ਲੇਖਕ ਤੇ ਖੋਜੀ ਡਾ. ਸੁਖਪ੍ਰੀਤ  ਸਿੰਘ ਉਦੋਕੇ ਤੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਤੇ ਨਿਊਯਾਰਕ ਤੋਂ ਚਲਦੇ ਟੀਵੀ 84 ਵਿਚ ਸੱਚੋ-ਸੱਚ ਵਰਗੇ ਮਸ਼ਹੂਰ ਪ੍ਰੋਗਰਾਮ ਦੇ ਮੁੱਖ ਬੁਲਾਰੇ ਡਾ. ਅਮਰਜੀਤ ਸਿੰਘ ਨੇ ਵੱਖੋ ਵੱਖ ਵਿਸ਼ਿਆਂ ਉਤੇ ਆਪਣੇ ਵਿਚਾਰ ਸੰਗਤਾਂ-ਸਰੋਤਿਆਂ ਨਾਲ ਸਾਂਝੇ ਕੀਤੇ।
ਡਾ. ਉਦੋਕੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਤੋਂ ਲੈ ਕੇ ਉਸ ਦੁਆਰਾ ਹਾਸਲ ਕੀਤੀ ਮਹਾਨ ਸ਼ਹਾਦਤ ਤੱਕ ਦੇ ਕਾਲ ਨੂੰ ਆਪਣੇ ਲਫਜ਼ਾਂ ਨਾਲ ਉਸ ਕਾਲ ਦੇ ਇਤਿਹਾਸਕ ਹਵਾਲਿਆਂ ਨਾਲ ਇਸ ਤਰਾਂ ਪਰੋਇਆ ਕਿ ਸਰੋਤਿਆਂ ਨੇ ਬਹੁਤ ਗੰਭੀਰਤਾ ਨਾਲ ਉਨਾਂ  ਨੂੰ ਸੁਣਿਆ। ਉਨਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਉਨਾਂ ਦੁਆਰਾ ਕੀਤੇ ਹਿਰਨੀ ਦੇ ਸ਼ਿਕਾਰ ਵੇਲੇ ਉਸਦੇ ਢਿਡ ਵਿਚੋਂ ਨਿਕਲੇ ਹਿਰਨੀ ਦੇ ਬੱਚਿਆਂ ਦੀ  ਤਰਸਣੋਗ ਹਾਲਤ ਵੇਖਣ ਕਰਕੇ ਉਹ ਜੀਵਨ ਤੋਂ ਨਿਰਾਸ਼ ਹੋ ਗਏ ਤੇ ਭਗਤੀ ਵੱਲ ਲੱਗੇ ਤੇ ਵੈਰਾਗੀ ਹੋ ਗਏ। ਉਨਾਂ ਦਾ ਬਚਪਨ ਦਾ ਨਾਮ ਮਾਧੋ ਦਾਸ ਸੀ ।  ਉਹ ਉਦਾਸੀ ਮੱਤ ਵੱਲ ਪਰੇਰੇ ਗਏ ਤੇ ਦੱਖਣ ਵੱਲ ਚਲੇ ਗਏ ਤੇ ਜਦ ਮਾਧੋ ਦਾਸ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਮਿਲਿਆ ਤਾਂ ਉਹ ਉਸ ਤੋਂ ਪਹਿਲਾਂ ਯੋਗ ਮੱਤ ਧਾਰਨ ਕਰ ਚੁੱਕਾ ਸੀ। ਦਸਮ ਪਾਤਸ਼ਾਹ ਨੇ ਉਸਨੂੰ ਸਿੰਘ ਸਜਾ ਕੇ, ਜਥੇਦਾਰ ਥਾਪ ਕੇ ਖਾਲਸਾ ਰਾਜ ਦੀ ਸਥਾਪਤੀ ਤੇ ਸਿੱਖ ਕੌਮ ਦੇ ਵੈਰੀਆਂ ਨੂੰ ਸਬਕ ਸਿਖਾਉਣ ਲਈ ਪੰਜਾਬ ਭੇਜਿਆ। ਜਿਥੇ ਆ ਕੇ ਉਨਾਂ 1710 ਵਿਚ ਖਾਲਸਾ ਰਾਜ ਦਾ ਐਲਾਨ ਕਰਦਿਆਂ ਇਸ ਪਹਿਲੇ ਮਹਾਨ ਖਾਲਸਾ ਰਾਜ ਦੀ ਨੀਂਹ ਰੱਖੀ। ਤੇ ਪੂਰੇ ਪੰਜਾਬ ਨੂੰ ਆਪਣੇ ਖਾਲਸਾ ਰਾਜ ਵਿਚ ਮਿਲਾ ਦਿੱਤਾ ਤੇ ਜ਼ਮੀਨੀ ਸੁਧਾਰਾਂ ਵਿਚ ਇਨਕਲਾਬੀ ਸੁਧਾਰ ਕਰਦਿਆਂ ਹੱਲ ਵਾਹਕਾਂ ਨੂੰ ਜ਼ਮੀਨਾ ਦੇ ਮਾਲਕ ਬਣਾ ਦਿਤਾ। ਵੈਰੀਆਂ ਦੇ ਧਾਰਮਿਕ ਅਸਥਾਨਾ ਦੀ ਰਖਿਆ ਕੀਤੀ। ਜਨਤਾ ਨਾਲ ਇਨਸਾਫ ਕੀਤਾ ਤੇ ਮੁਗਲਾਂ ਨੂੰ ਭਾਜੜਾਂ ਪਾ ਦਿੱਤੀਆਂ। ਗੁਰਦਾਸ ਨੰਗਲ ਵਿਚ ਮੁਗਲ ਫੌਜਾਂ ਦਾ ਘੇਰਾ ਪੈਣ ਤੇ ਕਈ ਸੌ ਸਿੰਘਾਂ ਨਾਲ ਗ੍ਰਿਫਤਾਰ ਹੋਏ ਤੇ ਦਿੱਲੀ ਜਾ ਕੇ ਬਹਾਦਰੀ ਤੇ ਸਿਰੜ ਨਾਲ ਮਹਾਨ ਸ਼ਹੀਦੀ ਨੂੰ ਪ੍ਰਾਪਤ ਕੀਤਾ।
ਡਾ. ਉਦੋਕੇ ਨੇ ਆਰ ਐਸ ਐਸ ਦੇ ਇਸ ਝੂਠ ਨੂੰ ਵੀ ਨੰਗਿਆਂ ਕੀਤਾ ਕਿ ਮਾਧੋ ਦਾਸ ਬੈਰਾਗੀ ਸੀ। ਜਦ ਕਿ ਉਹ ਗੁਰੂ ਸਾਹਿਬ ਨੂੰ ਮਿਲਣ ਵੇਲੇ ਜੋਗੀ ਸੀ। ਡਾ: ਉਦੋਕੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਬਾਰੇ ਜਾਣਕਾਰੀ  ਦੇਣ ਲਈ ਬਹੁਤ ਸਾਰੇ ਕੀਮਤੀ ਇਤਿਹਾਸਕ ਸਰੋਤਾਂ ਦੇ ਸਬੂਤ ਪੇਸ਼ ਕੀਤੇ ਤੇ ਉਨਾਂ ਵਿਚੋਂ ਜਾਣਕਾਰੀ ਸਾਂਝੀ ਕੀਤੀ।
ਇਸ ਤੋਂ ਬਾਦ ਡਾ. ਅਮਰਜੀਤ ਸਿੰਘ ਨੇ  ਮਹਾਰਾਜਾ ਰਣਜੀਤ ਸਿੰਘ ਬਾਰੇ ਤੇ ਉਨਾਂ ਦੁਆਰਾ ਸਥਾਪਤ ਕੀਤੇ ਖਾਲਸਾ ਰਾਜ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕਿ ਕਿਵੇਂ ਛੋਟੀ ਉਮਰ ਵਿਚ ਹੀ ਉਨਾਂ ਉਤੇ ਜ਼ਿੰਮੇਵਾਰੀ ਆ ਪਈ ਪਰ ਸਿਆਣਪਤ ਧੀਰਜ ਤੇ ਹੌਸਲੇ ਨਾਲ ਉਨਾਂ ਮਿਸਲਾਂ ਨੂੰ ਜਿੱਤਦਿਆਂ ਇਕ ਵਡਾ ਖਾਲਸਾ ਰਾਜ ਸਥਾਪਤ ਕਰ ਦਿੱਤਾ ਜੋ ਪੰਜਾਬ ਸਾਲ ਤੱਕ ਕਾਇਮ ਰਿਹਾ, ਜਿਸ ਵਿਚ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ, ਕਿਸੇ ਨਾਲ ਧਾਰਮਿਕ ਵਲਗਣਾ ਕਰਕੇ ਵਿਤਕਰਾ ਨਹੀਂ ਕੀਤਾ ਗਿਆ। ਖਾਲਸਾ ਰਾਜ ਬਹੁਤ ਅਮੀਰ ਦੇਸ਼ ਸੀ। ਪਰ ਅੰਤ ਵਿਚ ਡੋਗਰਿਆਂ ਤੇ ਕੁਝ ਆਪਣਿਆਂ ਦੀ ਗੱਦਾਰੀ ਕਾਰਨ ਦੱਖਣੀ ਪੂਰਬੀ ਤੇ ਫਰੰਗੀਆਂ ਦੇ ਗੱਠਜੋੜ ਨੇ ਖਾਲਸਾ ਰਾਜ ਦਾ ਖਾਤਮਾ ਕਰ ਦਿੱਤਾ। ਤੇ ਸਿੱਖ ਕੌਮ ਅੰਗਰੇਜ਼ਾ ਦੀ ਗੁਲਾਮੀ ਤੋਂ ਬਾਦ ਸਿੱਖ ਆਗੂਆਂ ਦੀ ਅਣਗਹਿਲੀ ਤੇ ਦੂਰ ਦ੍ਰਿਸ਼ਟੀ ਦੀ ਘਾਟ ਕਰਕੇ ਬ੍ਰਾਹਮਣਵਾਦੀ ਵਹਿਸ਼ੀਆ ਦੀ ਗਲਾਮ ਬਣ ਗਈ, ਜਿਸਨੇ 1984 ਵਿਚ ਸਿੱਖ ਕੌਮ ਦਾ ਨਸਲਘਾਤ ਕੀਤਾ ਤੇ ਅੱਜ ਇਕ ਵਡੇ ਮਾਨਸਿਕ ਨਸਲਘਾਤ ਦਾ ਸਾਹਮਣਾ ਕਰ ਰਹੀ ਹੈ ਤੇ ਜਿਸ ਤੋਂ ਬਚਣ ਲਈ ਖਾਲਿਸਤਾਨ ਇਕੋ ਇਕ ਵਿਕਲਪ ਬਚਿਆ ਹੈ ਤੇ ਕੌਮ ਨੂੰ ਇਕਠੇ ਹੋ ਕੇ ਖਾਲਿਸਤਾਨ ਦੀ ਸਥਾਪਤੀ ਵੱਲ ਵਧਣਾ ਚਾਹੀਦਾ ਹੈ।
ਗੋਸ਼ਟੀ ਦੇ ਅੰਤ ਵਿਚ  ਡਾ. ਉਦੋਕੇ ਤੇ ਡਾ. ਅਮਰਜੀਤ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਸਨਮਾਨਿਤ ਕੀਤਾ। ਗਰਦੁਆਰਾ ਸਾਹਿਬ ਵਿਚ ਪਿਛਲੇ ਪੰਜ ਸਾਲਾਂ ਤੋਂ ਸੇਵਾ ਕਰ ਰਹੇ ਭਾਈ ਬਚਿੱਤਰ ਸਿੰਘ ਸੰਘਾ ਨੂੰ ਮਾਨ ਲਾਅ ਫਰਮ ਤੇ ਮਹਿੰਦਰ ਸਿੰਘ ਮਾਨ ਤੇ ਜੰਗ ਸਿੰਘ ਬਦੇਸ਼ਾ ਨੇ ਇਕ ਯਾਦਗਾਰੀ ਪਲੇਟ ਨਾਲ ਸਨਮਾਨਿਤ ਕੀਤਾ। ਭਾਈ ਬਚਿੱਤਰ ਸਿੰਘ ਨੇ ਗੁਰਦੁਆਰਾ ਸਾਹਿਬ ਫਰੀਮਾਂਟ ਤੇ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਵੀ ਲਗਾਤਾਰ ਸੇਵਾ ਨਿਭਾਈ ਹੈ।
ਸਟੇਜ ਸਕਤਰ ਦੀ ਸੇਵਾ ਏਜੀਪੀਸੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਨੇ ਨਿਭਾਈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਗਾਤਾਰ ਕਈ ਸਿੱਖ ਸੈਮੀਨਾਰ ਕਰਵਾ ਕੇ ਸਿੱਖ ਕੌਮ ਦੇ ਸ਼ਾਨਦਾਰ ਤੇ ਅਮੀਰ ਵਿਰਸੇ ਦੇ ਪ੍ਰਚਾਰ ਤੇ ਪ੍ਰਸਰ ਲਈ ਯਤਨ ਕਰਦਿਆਂ ਉਜਵਲ ਭਵਿਖ ਲਈ ਵੀ ਵੱਡਾ ਉਦਮ ਕੀਤਾ ਹੈ।