ਅਫਗਾਨਿਸਤਾਨ ਵਿਚ ਮਾਰੇ ਗਏ ਸਿੱਖਾਂ ਲਈ ਅਰਦਾਸ ਸਮਾਗਮ ਵਿਚ ਅਫਗਾਨਿਸਤਾਨ ਦੇ ਕੌਂਸਲ ਜਨਰਲ ਨੇ ਕੀਤੀ ਸ਼ਮੂਲੀਅਤ

0
142

afganistan-sikh-ardass
ਨਿਊਯਾਰਕ/ਹੁਸਨ ਲੜੋਆ ਬੰਗਾ :
ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਹੋਏ ਇਕ ਆਤਮਘਾਤੀ ਹਮਲੇ ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਅਰਦਾਸ ਸਮਾਗਮ ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਿਲ ਨਿਊਯਾਰਕ ਵਿਖੇ ਕਰਵਾਇਆ ਗਿਆ, ਜਿਸ ਵਿਚ ਸਥਾਨਕ ਗੁਰੂਘਰ ਦੀਆਂ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਸਿੱਖ ਆਗੂਆਂ ਨੇ ਹਾਜ਼ਰੀ ਭਰੀ। ਨਿਊਯਾਰਕ ਵਿਚ ਵੱਡੀ ਗਿਣਤੀ ਵਿਚ ਰਹਿੰਦੇ ਅਫ਼ਗਾਨ ਸਿੱਖਾਂ ਨੇ ਵੀ ਇਸ ਵਿਚ ਸ਼ਮੂਲੀਅਤ ਕੀਤੀ। ਵਿਛੜੀਆਂ ਰੂਹਾਂ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਅਫਗਾਨਿਸਤਾਨ ਦੇ ਕੌਂਸਲ ਜਨਰਲ ਅਬਦੁਲ ਸਤਾਰ ਹਕਬਿਨ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਇਸ ਦੁੱਖ ਦੀ ਘੜੀ ਵਿਚ ਸਿੱਖਾਂ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਸੰਗਤ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪਿਛਲੇ 40 ਸਾਲਾਂ ਤੋਂ ਜਦੋਂ ਤੋਂ ਸੋਵੀਅਤ ਯੂਨੀਅਨ ਦੀਆਂ ਫੌਜਾਂ ਅਫਗਾਨਿਸਤਾਨ ਵਿਚ ਦਾਖ਼ਲ ਹੋਈਆਂ ਉਦੋਂ ਤੋਂ ਮੁਲਕ ਦੇ ਹਾਲਾਤ ਬਦ ਤੋਂ ਬਦਤਰ ਹੋਏ ਹਨ। ਸਾਡੀ ਸਰਕਾਰ ਅਮਨਪਸੰਦ ਕਦਰਾਂ ਕੀਮਤਾਂ ਵਿਚ ਯਕੀਨ ਰੱਖਦੀ ਹੈ ਅਤੇ ਸਿੱਖਾਂ ‘ਤੇ ਹੋਏ ਇਸ ਆਤਮਘਾਤੀ ਹਮਲੇ ਨੇ ਸਾਡੇ ਦਿਲਾਂ ਨੂੰ ਗਹਿਰੀ ਸੱਟ ਮਾਰੀ ਹੈ। ਇਸ ਦੁਖਦਾਈ ਘੜੀ ਵਿਚ ਅਸੀਂ ਸਿੱਖਾਂ ਦੇ ਦੁੱਖ ਵਿਚ ਸ਼ਰੀਕ ਹੁੰਦੇਹਾਂ ਅਤੇ ਅਫਗਾਨਿਸਤਾਨ ਵਿਚ ਵਸਦੇ ਸਿੱਖਾਂ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕਰਾਂਗੇ।
ਸ਼ਹੀਦ ਹੋਏ ਸਿੱਖਾਂ ਨੂੰ ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਯੂਨਾਈਟਿਡ ਸਿੱਖਜ਼, ਅਫਗਾਨ ਮੰਦਿਰ ਕਮੇਟੀ ਦੇ ਨੁਮਾਇੰਦਿਆਂ ਸਮੇਤ ਬਹੁਤ ਸਾਰੇ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਆਪਣਾ ਮੁਲਕ ਨਾ ਹੋਣ ਕਰਕੇ ਅਸੀਂ ਅਫਗਾਨਿਸਤਾਨ ਦੇ ਸਿੱਖਾਂ ਲਈ ਬਹੁਤ ਕੁਝ ਨਹੀਂ ਕਰ ਸਕਦੇ ਪਰ ਜਿਨ੍ਹਾਂ ਮੁਲਕਾਂ ਵਿਚ ਅਸੀਂ ਬੈਠੇ ਹਾਂ ਇਥੇ ਲਾਮਬੰਦ ਹੋ ਕੇ ਇਥੋਂ ਦੀਆਂ ਸਰਕਾਰਾਂ ਉਪਰ ਸਿੱਖਾਂ ਦੀ ਸੁਰੱਖਿਆ ਲਈ ਦਬਾਅ ਬਣਾਈਏ। ਉਨ੍ਹਾ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਉਥੇ ਵਸਦੇ ਸਿੱਖ ਭਾਈਚਾਰੇ ਅਤੇ ਸਿੱਖਾਂ ਦੇ ਇਤਿਹਾਸਕ ਗੁਰਧਾਮਾਂ ਦੀ ਰੱਖਿਆ ਲਈ ਹਰ ਸੰਭਵ ਯਤਨ ਕੀਤਾ ਜਾਵੇ।
ਸਿੱਖ ਪ੍ਰਚਾਰਕ ਜਗਤਾਰ ਸਿੰਘ ਜਾਚਕ ਨੇ ਕਿਹਾ ਕਿ ਸਿੱਖਾਂ ਨੂੰ ਸਿੱਖ ਹੋਣ ਦੀ ਕੀਮਤ ਚੁਕਾਉਣੀ ਪਈ ਹੈ, ਸਿੱਖਾਂ ‘ਤੇ ਹੁੰਦੇ ਜ਼ੁਲਮਾਂ ਨੂੰ ਉਦੋਂ ਤੱਕ ਠੱਲ੍ਹ ਨਹੀਂ ਪਾਈ ਜਾ ਸਕਦੀ ਜਦੋਂ ਤੱਕ ਸਾਡਾ ਆਪਣਾ ਮੁਲਕ ਨਹੀਂ ਬਣ ਜਾਂਦਾ। ਗੁਰੂ ਨਾਨਕ ਦਰਬਾਰ ਦੀ ਕਮੇਟੀ ਵਲੋਂ ਬੋਲਦਿਆਂ ਪਰਮਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਮਸਲੇ ‘ਤੇ ਅਮਰੀਕਾ ਦੀ ਸਰਕਾਰ ਨਾਲ ਗੱਲਬਾਤ ਅਤੇ ਉਥੇ ਰਹਿ ਰਹੇ ਸਿੱਖਾਂ ਦੀ ਮਦਦ ਲਈ ਇਕ ਕਮੇਟੀ ਬਣਾਈ ਜਾਵੇਗੀ। ਇਸ ਹਮਲੇ ਵਿਚ ਮਾਰੇ ਗਏ ਹਿੰਦੂ ਅਤੇ ਮੁਸਲਮਾਨ ਭਰਾਵਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਸਟੇਜ ਦੀ ਸੇਵਾ ਸਰਦਾਰ ਗੁਲਾਟੀ ਵਲੋਂ ਨਿਭਾਈ ਗਈ ਅਤੇ ਅੰਤ ਨੂੰ ਗੁਰੂਘਰ ਦੇ ਮੁੱਖ ਸੇਵਾਦਾਰ ਮੋਹਨ ਸਿੰਘ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।