BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਪੰਜਾਬ ਦੀ ਪੱਗ : ਸ. ਜਸਵੰਤ ਸਿੰਘ ਕੰਵਲ
ਦੋ ਬੇੜੀਆਂ ਦਾ ਸਫ਼ਲ ਸਵਾਰ ਹੋਣ
ਦਾ ਭੇਦ
ਰਾਜਿੰਦਰ ਸਿੰਘ ਰਾਹੀ 

ਸ. ਜਸਵੰਤ ਸਿੰਘ ਕੰਵਲ ਅਤੇ ਡਾ. ਜਸਵੰਤ ਗਿੱਲ ਦੀ ਦੋਸਤੀ ਦੇ ਰਿਸ਼ਤੇ ਨੂੰ ਸਮਾਜਕ ਤੇ ਪ੍ਰਵਾਰਕ ਪ੍ਰਵਾਨਗੀ ਮਿਲਣ ਵਿਚ ਕਾਫ਼ੀ ਅੜਚਨਾ ਸਨ ਕੰਵਲ ਇਕ ਲੇਖਕ ਹੋਣ ਦੇ ਨਾਲ ਨਾਲ ਚਾਰ ਧੀਆਂ ਦਾ ਬਾਪ ਵੀ ਸੀ ਤੇ ਇਕ ਪਤੀਵਰਤਾ ਪਤਨੀ ਦਾ ਪਤੀ ਵੀ ਸੀ ਇਸ ਦੇ ਨਾਲ ਹੀ ਉਹ ਪਿੰਡ ਦਾ ਮੋਹਤਬਰ ਬੰਦਾ ਵੀ ਸੀ ਉਸ ਦੇ ਹੱਥ ਪਿੰਡ ਦੀ ਸਰਪੰਚੀ ਆ ਗਈ ਸੀ, ਉਸ ਨੇ ਪੜ੍ਹੇ ਲਿਖੇ ਬੰਦਿਆਂ ਦੀ ਟੀਮ ਆਪਣੇ ਨਾਲ ਜੋੜ ਲਈ ਸੀ, ਦੁਸ਼ਮਣੀ ਦੀ ਜਿੱਲਤ ਵਿਚ ਫਸੇ ਪਿੰਡ ਨੂੰ ਉਸਾਰੂ ਕੰਮਾਂ ਵਿਚ ਲਾ ਲਿਆ ਸੀ ਭਾਵੇਂ ਉਸ ਦਾ ਪਿੰਡ ਗਦਰੀ ਬਾਬਿਆਂ ਦਾ ਸਬ-ਸੈਂਟਰ ਰਿਹਾ ਸੀ

ਦੋ ਬਾਬੇ ਫਾਂਸੀਆਂ ਚੜ੍ਹੇ ਸਨ, ਉਨ੍ਹਾਂ ਨੇ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਸਨ ਪਰ ਕੰਵਲ ਨੇ ਇਲਾਕੇ ਦੇ ਕਾਂਗਰਸੀਆਂ ਨੂੰ ਨਾਲ ਜੋੜ ਕੇ ਲਾਲ ਲਾਜਪਤ ਰਾਏ, ਜਿਸ ਦੇ ਇਥੇ ਨਾਨਕੇ ਸਨ ਤੇ ਉਸ ਦਾ ਜਨਮ ਇਥੇ ਹੋਇਆ ਸੀ, ਦੇ ਨਾਂ `ਤੇ ਸੁਸਾਇਟੀ ਰਜਿਸਟਰਡ ਕਰਵਾ ਲਈ ਸੀ ਭਾਵੇਂ ਬਾਬਾ ਗੁਰਮੁਖ ਸਿੰਘ ਲਲਤੋਂ ਗਾਹੇ-ਵਗਾਹੇ ਕੰਵਲ ਦੀ ਕੁਪੱਤ ਕਰਦਾ ਰਹਿੰਦਾ ਸੀ ਕਿ ਉਸ ਨੇ ਗਦਰੀ ਬਾਬੇ ਛੱਡ ਕੇ ਲਾਜਪਤ ਰਾਏ ਵਰਗੇ ਗ਼ਦਾਰ ਨੂੰ ਮੂਹਰੇ ਲਾ ਲਿਆ ਹੈ ਜਿਹੜਾ ਵਾਈਸ ਰਾਏ ਦੀਆਂ ਲਿਲਕੜੀਆਂ ਕੱਢ ਕੇ ਰਿਹਾਅ ਹੋਇਆ ਸੀ ਤੇ ਗਦਰੀਆਂ ਦਾ ਫੰਡ ਖਾ ਗਿਆ ਸੀ ਪਰ ਕੰਵਲ ਦੀ ਦਲੀਲ ਸੀ ਕਿ ਕਾਂਗਰਸ ਫਿਰਕੂ ਪਾਰਟੀ ਹੈ, ਇਸ ਨੇ ਗਦਰੀ ਬਾਬਿਆਂ ਦੇ ਨਾਂ `ਤੇ ਕੁਝ ਨਹੀਂ ਦੇਣਾ, ਲਾਜਪਤ ਰਾਏ ਦੇ ਨਾਂ `ਤੇ ਉਹ ਪਿੰਡ ਵਿਚ ਸਕੂਲ, ਕਾਲਜ, ਹਸਪਤਾਲ ਤੇ ਪੱਕੀਆਂ ਸੜਕਾਂ ਆਦਿ ਦੀਆਂ ਮੁਢਲੀਆਂ ਸਹੂਲਤਾਂ ਲਿਆਉਣਾ ਚਾਹੁੰਦਾ ਸੀ ਇਸ ਤਰ੍ਹਾਂ ਵਿਕਾਸ ਦੇ ਰਾਹ ਪਾਇਆਂ ਪਿੰਡ ਵਿਚੋਂ ਜੱਦੀ ਦੁਸ਼ਮਣੀ ਵੀ ਖ਼ਤਮ ਹੁੰਦੀ ਸੀ ਕੰਵਲ ਨੇ ਲਾਜਪਤ ਰਾਏ ਵਾਲੇ ਤਰੁੱਪ ਦੇ ਪੱਤੇ ਨੂੰ ਵਰਤਿਆ ਵੀ ਖੂਬ

ਉਸ ਨੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਤੋਂ ਲੈ ਕੇ ਵੱਡੇ ਤੋਂ ਵੱਡੇ ਵਜ਼ੀਰਾਂ ਨੂੰ ਪਿੰਡ ਸੱਦਿਆ ਤੇ ਉਹਨਾਂ ਕੋਲੋਂ ਸਹੂਲਤਾਂ ਦੇ ਗੱਫੇ ਵੀ ਲਏ ਪਿੰਡ ਵਿਚ ਟੂਰਨਾਮੈਂਟ ਸ਼ੁਰੂ ਕਰਕੇ, ਇਲਾਕੇ ਦੀ ਜੁਆਨੀ ਨੂੰ ਸਾਰਥਕ ਰਾਹ ਵੀ ਪਾਇਆ ਤੇ ਪਿੰਡ ਵਿਚ ਕਾਲਜ ਖੁਲ੍ਹਵਾ ਕੇ ਪਿੰਡਾਂ ਦੇ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਵੀ ਦਿਤਾ ਇਸ ਕਾਲਜ ਲਈ ਫੰਡ ਇਕੱਠਾ ਕਰਨ ਦੇ ਯਤਨ ਵਜੋਂ ਪਹਿਲਵਾਨ ਦਾਰਾ ਸਿੰਘ ਨੇ ਇਸ ਪਿੰਡ ਨੂੰ ਦੋ ਕੁਸ਼ਤੀਆਂ ਮੁਫ਼ਤ ਦਿੱਤੀਆਂ ਸਨ ਦਾਰਾ ਸਿੰਘ ਨੂੰ ਪਿੰਡ ਲਿਆਉਣ ਲਈ ਕੰਵਲ ਨੇ ਬਲਰਾਜ ਸਾਹਨੀ ਨਾਲ ਆਪਣੇ ਦੋਸਤਾਨਾ ਸਬੰਧਾਂ ਨੂੰ ਵਰਤਿਆ ਸੀ ਪਿੰਡ ਦੇ ਹਰ ਕੰਮ ਵਿਚ ਕੰਵਲ ਦਾ ਆਗੂ ਬਣ ਜਾਣਾ, ਇਸ ਦਾ ਜਨਮ ਜਾਤ ਪੱਖੋਂ ਜੱਟ ਹੋਣਾ ਵੀ ਵੱਡਾ ਸੁਭਾਗ ਸੀ ਸੱਜੀਆਂ-ਖੱਬੀਆਂ ਬਾਹਾਂ, ਦੋ ਭਰਾਵਾਂ ਦੇ ਨਾਲ ਗਿੱਲ ਗੋਤ ਦੇ ਸ਼ਰੀਕੇ ਕਬੀਲੇ ਦਾ ਵੱਡਾ ਪੰਚਮ, ਉਸ ਦੀ ਸਮਾਜੀ ਹੈਸੀਅਤ ਦਾ ਮਜਬੂਤ ਥੰਮ ਸੀ

ਕੰਵਲ ਦੀ ਥਾਂ ਜੇਕਰ ਕੋਈ ਦਲਿਤ ਹੁੰਦਾ, ਉਹ ਭਾਵੇਂ ਕਿੱਡਾ ਵੱਡਾ ਲੇਖਕ ਕਿਉਂ ਨਾ ਹੁੰਦਾ, ਪਿੰਡ ਦੇ ਜੱਟ ਭਾਈਚਾਰੇ ਨੇ ਉਸ ਦੀ ਅਗਵਾਈ ਨੂੰ ਕਦੇ ਵੀ ਕਬੂਲ ਨਹੀਂ ਕਰਨਾ ਸੀ ਕੰਵਲ ਦੀ ਚੰਗੀ ਜ਼ਮੀਨ ਮਾਲਕੀ ਤੇ ਬਾਹਰ ਦਾ ਫੇਰਾ ਤੋਰਾ, ਪਿੰਡ ਦੀ ਜੱਟ ਹੈਸੀਅਤ ਦਾ ਮਾਣ ਵਧਾਉਂਦਾ ਸੀ ਕੰਵਲ ਦੀ ਅਗਵਾਈ ਥੱਲੇ ਪਿੰਡ ਵਾਲਿਆਂ ਦਾ ਸਾਂਝੇ ਕੰਮਾਂ ਲਈ ਇੱਕੱਠੇ ਹੋ ਜਾਣ ਸੁਭਾਵਕ ਸੀ ਕੰਵਲ ਨੇ ਇਸ ਨੂੰ ਸਾਂਝੇ ਕਾਰਜਾਂ ਲਈ ਖੂਬ ਵਰਤਿਆ, ਉਸ ਦੇ ਸੱਦੇ `ਤੇ ਲੋਕਾਂ ਨੇ ਸੜਕਾਂ ਪੱਕੀਆਂ ਕਰਵਾਉਣ ਲਈ ਰਸਤਿਆਂ ਉਪਰ ਮਿੱਟੀ ਪਾਈ, ਕਾਲਜ ਦੀ ਉਸਾਰੀ ਵਿਚ ਦਿਨ ਰਾਤ ਇੱਕ ਕੀਤਾ ਸੋ ਲੋਕਾਂ ਦਾ ਮੋਹਤਬਰ ਬਣ ਕੇ ਡਾ. ਜਸਵੰਤ ਗਿੱਲ ਨਾਲ ਬਣੇ ਬੁੱਕਲ ਦੇ ਰਿਸ਼ਤੇ ਨੂੰ ਪਿੰਡ ਦੀ ਸਮਾਜੀ ਪ੍ਰਵਾਨਗੀ ਹਾਸਲ ਕਰਨੀ ਜੇਕਰ ਕੰਵਲ ਲਈ ਤੱਤੇ ਘਾਉ ਅਸੰਭਵ ਨਹੀਂ ਸੀ ਤਾਂ ਇਹ ਐਨੀ ਸਹਿਜ ਵੀ ਨਹੀਂ ਸੀ ਕਿਉਂਕਿ ਚਾਰ ਧੀਆਂ ਦਾ ਕਬੀਲਦਾਰ ਬਾਪ ਹੋਣ ਦੇ ਨਾਲ ਨਾਲ, ਕੰਵਲ ਪਿੰਡ ਦਾ ਆਗੂ ਵੀ ਸੀ, ਜੇਕਰ ਉਸ ਦਾ ਡਾ.ਗਿੱਲ ਨਾਲ ਰਿਸ਼ਤਾ ਪਿੰਡ ਵਿਚ ਨਸ਼ਰ ਹੋ ਜਾਂਦਾ ਤਾਂ, ਇਹ ਰਿਸ਼ਤਾ ਪਿੰਡ ਦੇ ਲੋਕਾਂ ਦੀਆਂ ਨਜ਼ਰਾਂ ਵਿਚ 'ਨਜਾਇਜ਼ ਸਬੰਧ` ਵਜੋਂ ਹੀ ਰੜਕਣਾ ਸੀ ਕੰਵਲ ਭਾਵੇਂ ਸਾਹਿਤਕ ਭੁੱਖ ਦੀ ਲੱਖ ਦੁਹਾਈ ਦੇਈ ਜਾਂਦਾ, ਲੋਕਾਂ ਨੇ ਜ਼ਰੂਰ ਦੁਰ ਦੁਰ ਕਰਨਾ ਸੀ

ਇਸ ਕਰਕੇ ਕੰਵਲ ਨੇ ਇਸ ਬੁੱਕਲ ਦੇ ਰਿਸ਼ਤੇ ਬਾਰੇ ਦੜ ਵੱਟ ਲਈ ਉਹ ਹੀਰ ਦਾ ਆਸ਼ਕ ਸੀ, ਲੰਮੀ ਹੇਕ ਨਾਲ ਵਾਰਿਸ਼ ਦੀ ਹੀਰ ਪੜ੍ਹਨੀ ਉਸ ਦਾ ਮਨਪਸੰਦ ਸ਼ੌਕ ਸੀ ਵਾਰਸ਼ ਸ਼ਾਹ ਉਸ ਨੂੰ ਸੱਚ ਮੁੱਚ ਹੀ ਅਕਲ ਦਾ ਕੋਟ ਜਾਪਦਾ ਸੀ ਉਸ ਨੇ ਵਾਰਸ਼ ਦੀ ਸਮਝੌਤੀ ਪੀਡੀ ਗੰਢ ਮਾਰਕੇ ਲੜ ਬਨ੍ਹ ਲਈ :'ਵਾਰਸ਼ ਸ਼ਾਹ ਨਾ ਭੇਤ ਸੰਦੂਕ ਖੁੱਲ੍ਹੇ ਭਾਵੇਂ ਜਾਨ ਦਾ ਜੰਦਰਾ ਟੁੱਟ ਜਾਵੇ`

ਕੰਵਲ ਨੇ ਡਾ. ਗਿੱਲ ਨਾਲ ਪਏ ਇਸ ਰਿਸ਼ਤੇ ਬਾਰੇ ਆਪਣੇ ਅਤਿ ਨੇੜਲਿਆਂ ਕੋਲ ਵੀ ਭਾਫ ਨਹੀਂ ਕੱਢੀ ਸੀ ਇਥੇ ਉਸ ਨੇ ਆਪਣੇ ਜੱਟਸੁਭਾਅ ਦੇ ਉਲਟ ਬਿਲਕੁਲ ਮਹਾਜਨੀ ਮੱਤ ਵਰਤੀ ਸੀ ਹੋਰ ਕੋਈ ਜੱਟ ਹੁੰਦਾ ਤਾਂ ਉਸ ਨੇ ਚਾਂਭ-ਚਾਂਭ ਵਿਚ ਹੀ ਆਪਣੇ ਸੱਜਰੇ ਇਸ਼ਕ ਦਾ ਦੋਸਤਾਂ ਮਿੱਤਰਾਂ `ਚ ਢੰਡੋਰਾ ਪਿਟਦੇ ਫਿਰਨਾ ਸੀ ਜਿਵੇਂ 'ਮਾੜੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ` ਕੰਵਲ ਨੇ ਤਾਂ ਬਾਕੀ ਸਾਹਿਤਕਾਰਾਂ ਦੇ ਮੁਕਾਬਲੇ ਬਹੁਤ ਵੱਡੀ ਮੱਲਮਾਰੀ ਸੀ ਉਸ ਨੇ ਤਾਂ ਸਾਹਿਤਕ ਸੂਝ-ਬੂਝ ਦੇ ਨਾਲ ਨਾਲ ਦੁਨਿਆਵੀ ਸਿਆਣਪ ਦੀ ਸਿਖਰ ਤੇ ਨਾਲ ਹੀ ਡਾਕਟਰਨੀ ਪੱਟ ਕੇ, ਇਕ ਤਰ੍ਹਾਂ ਨਾਲ ਇਸ਼ਕ ਦੇ ਪਿੜ ਵਿਚ ਝੰਡੀ ਫੇਰ ਦਿਤੀ ਸੀ, ਪਰ ਉਸ ਨੇ ਵਾਰਸ ਸ਼ਾਹ ਦੀ ਸਲਾਹ ਐਸੀ ਪੱਲੇ ਬੰਨ੍ਹੀ ਕਿ ਕੋਈ ਅਤਿ ਭੇਤੀ ਵੀ ਇਸ ਸਬੰਧ ਦੇ ਭੇਤ ਨੂੰ ਸੰਨ੍ਹ ਨਹੀਂ ਲਾ ਸਕਿਆ ਸੀ ਉਸ ਦਾ ਮਿੱਤਰ ਸਰਵਣ ਸਿੰਘ ਆਖਦਾ ਹੈ ਕਿ ਅਸੀਂ ਦੋਵੇਂ ਰੋਜ਼ਾਨਾ ਹੀ ਇਕੱਠੇ ਹੁੰਦੇ ਸੀ, ਪਰ ਕੰਵਲ ਨੇ ਕਦੇ ਵੀ ਇਸ ਰਿਸ਼ਤੇ ਦੀ ਭਾਫ਼ ਨਹੀਂ ਕੱਢੀ ਸੀ ਉਸ ਦਾ ਕਹਿਣਾ ਹੈ ਕਿ ਜਦ ਕੰਵਲ ਨੇ ਨਿਆਂਈ ਵਾਲੀ ਜ਼ਮੀਨ ਵਿਚ ਕੋਠੀ ਪਾਉਣੀ ਸ਼ੁਰੂ ਕੀਤੀ ਤਾਂ ਅਸੀਂ ਪੁੱਛਿਆ ਕਿ ਤੇਰੇ ਅੰਦਰਲੇ ਘਰ ਵਿਚ ਤਾਂ ਐਨਾ ਛੱਤਾ ਹੈ, ਇਥੇ ਕੋਠੀ ਪਾਉਣ ਦੀ ਕੀ ਲੋੜ ਪੈ ਗਈ? ਤਾਂ ਕੰਵਲ ਦਾ ਕਹਿਣਾ ਸੀ ਕਿ, 'ਇਥੇ ਕੋਈ ਆਇਆ ਗਿਆ ਰਹਿ ਪਿਆ ਕਰੇਗਾ` ਸਰਵਣ ਸਿੰਘ ਦਾ ਕਹਿਣਾ ਹੈ ਕਿ ਪਤਾ ਉਦੋਂ ਲੱਗਿਆ ਜਦ ਕੋਠੀ ਤਿਆਰ ਹੋਣ `ਤੇ ਇਥੇ ਡਾ. ਜਸਵੰਤ ਗਿੱਲ ਆ ਕੇ ਰਹਿਣ ਲੱਗ ਪਈ ਉਹ ਆਖਰੀ ਘਟਨਾ ਦਾ ਜ਼ਿਕਰ ਕਰਦਾ ਹੈ:

'ਡਾ. ਜਸਵੰਤ ਗਿੱਲ ਹਸਪਤਾਲ ਵਿਚ ਸੀ ਕੰਵਲ ਢੁੱਡੀਕੇ ਮੁੜਿਆ ਤਾਂ ਅਸੀਂ ਹਾਲ-ਚਾਲ ਪੁੱਛਣ ਗਏ ਕੰਵਲ ਦੀ ਬੈਠਕ ਵਿਚ ਬਾਬਾ ਫਰੀਦ ਤੇ ਮੋਨਾਲੀਜ਼ਾ ਦੇ ਚਿਤਰ ਤੇ ਕੰਵਲ ਦੀ ਆਪਣੀ ਫੋਟੋ ਲਗੀ ਹੋਈ ਹੈ ਉਹ ਉਦਾਸ ਸੀ ਜਸਵੰਤ ਗਿੱਲ ਦੀ ਬੀਮਾਰੀ ਕਸੂਤੀ ਸੀ ਫਿਰ ਵੀ ਅਸੀਂ ੳਹਨੂੰ ਗੱਲਾਂ ਕਰਨ ਲਈ ਤਿਆਰ ਕਰ ਲਿਆ ਸਾਡੀਆਂ ਸੈਂਕੜੇ ਮਿਲਣੀਆਂ ਹੋਈਆਂ ਹੋਣਗੀਆਂ, ਉਹਨੇ ਕਦੇ ਖੁੱਲ੍ਹ ਕੇ ਨਹੀਂ ਸੀ ਕਿਹਾ ਕਿ ਉਹਦਾ ਤੇ ਡਾ. ਜਸਵੰਤ ਗਿੱਲ ਦਾ ਸਬੰਧ ਨਸ਼ਰ ਕਰ ਦਿਓ ਉਦਣ ਉਸ ਨੇ ਬੇਝਿਜਕ ਕਿਹਾ ਕਿ ਲਿਖ ਦੇਹ ਡਾ. ਜਸਵੰਤ ਵੀ ਮੇਰੀ ਪਤਨੀ, ਮੇਰੀ ਜੀਵਨ ਸਾਥਨ ਹੈ ਫਿਰ ਉਸ ਨੇ ਦੱਸਿਆ ਕਿ ਉਹ ਉਸ ਦੀ ਜੀਵਨ ਸਾਥਣ ਕਿਵੇਂ ਬਣੀ?`

ਜਸਵੰਤ ਸਿੰਘ ਕੰਵਲ ਨੇ, ਡਾ. ਜਸਵੰਤ ਗਿੱਲ ਦੇ ਵਿਛੜਨ ਤੱਕ ਇਸ ਸਬੰਧ `ਤੇ ਪਰਦਾ ਹੀ ਪਾਈ ਰੱਖਿਆ ਸੀ ਬਕੌਲ ਕੰਵਲ ਸਾਹਿਬ : 'ਜਸਵੰਤ ਦੀਆਂ ਚਿੱਠੀਆਂ ਦੀ ਖੂਬਸੂਰਤ ਵਾਰਤਕ ਨੇ ਮੈਨੂੰ ਬੇਹੱਦ ਪ੍ਰਭਾਵਤ ਕੀਤਾ... ਉਹਦੀਆਂ ਚਿੱਠੀਆਂ ਵਿਚ ਲੋਹੜੇ ਦੀ ਜਾਨ ਵੇਖ ਕੇ, ਮੈਂ ਆਪਣੀਆਂ ਵਾਰਤਕ ਕਵਿਤਾਵਾਂ ਦੀ ਕਿਤਾਬ 'ਭਾਵਨਾ` ਦੇ ਮੁਖ ਬੰਧ ਲਈ ਕਾਂਟ-ਛਾਂਟ ਸ਼ੁਰੂ ਕਰ ਦਿਤੀ ਉਹਦੀਆਂ ਚਿੱਠੀਆਂ ਛਾਪਣ ਲਈ ਪੁੱਛਿਆ ਤਾਂ ਉਹ ਗਦਗਦ ਹੋ ਗਈ

'ਮਨੂੰਆ! ਤੇਰੀਆਂ ਕਵਿਤਾਵਾਂ ਦਾ ਬੂਹਾ ਮੈਂ ਹੀ ਖੋਲਾਂਗੀ, 'ਭਾਵਨਾ` ਮੇਰੀ ਜਾਇਦਾਦ ਹੈ`

ਉਦੋਂ ਤੱਕ ਸਾਡੀ ਦੋਸਤੀ ਪੰਜਾਬੀ ਪਾਠਕਾਂ ਤੋਂ ਲੁਕੀ ਰਹੀ ਸੀ ਮੈਂ ਮੁਖ ਬੰਦ ਦੇ ਅੰਤ `ਤੇ ਉਸ ਦਾ ਨਾਂ 'ਪਾਰਵਤੀ` ਜੋੜ ਦਿਤਾ ਪਾਰਵਤੀ ਲੱਭਣ ਲਈ ਪਾਠਕਾਂ ਵਿਚ ਬੜਾ ਰੌਲਾ ਪਿਆ ਕਿਉਂਕਿ ਮੁੱਖ ਬੰਦ ਆਪ ਕਵਿਤਾ ਵਰਗਾ ਹੀ ਸੀ ਐਨੀ ਰਸਭਿੰਨੀ ਵਾਰਤਕ ਲਿਖੀ ਜਾਣੀ, ਜਣੀਂ-ਖਣੀਂ ਦੇ ਵੱਸ ਦਾ ਰੋਗ ਨਹੀਂ ਸੀ 'ਪਾਰਵਤੀ` ਦੀ ਪੁੱਛ ਡੁਮਣਾ ਮੱਖੀਆਂ ਵਾਂਗ ਮੈਨੂੰ ਆ ਚੁੰਬੜੀ ਮੈਂ ਟਾਲਾ ਮਾਰ ਛੱਡਦਾ, 'ਹੈਗੀ ਆ ਯਾਰ, ਦਿੱਲੀ ਇਕ ਪ੍ਰੋਫੈਸਰ ਇਕ ਦੋਸਤ ਨੇ ਉਸ ਨੂੰ ਮਿਲਾਇਆ ਸੀ` ਪਰ ਤੇਰਾਂ ਵਰ੍ਹੇ ਖੁਦ ਪਿਆਰਾ ਸਿੰਘ ਦਾਤਾ ਨੂੰ ਵੀ ਸਾਡੇ ਪਿਆਰ ਦਾ ਪਤਾ ਨਾ ਲੱਗਾ ਜਸਵੰਤ ਦੇ ਘਰੋਗੀ ਸਤਿਕਾਰ ਲਈ ਇਹ ਲੁਕਾਅ ਰੱਖਣਾ ਜ਼ਰੂਰੀ ਸੀ ਸਾਡੇ ਦੋਹਾਂ ਘਰਾਂ ਤੋਂ ਬਿਨਾਂ ਦਿੱਲੀ ਵਾਲੇ ਚੰਨੀ ਨੂੰ ਹੀ ਪਤਾ ਸੀ ਬਾਕੀ ਪੰਜਾਬੀ ਪਾਠਕਾਂ ਲਈ ਡਾ.ਜਸਵੰਤ ਗਿੱਲ ਮੱਸਿਆ ਦਾ ਅਨ੍ਹੇਰਾ ਬਣੀ ਰਹੀ`

ਇਕ ਅਜਿਹੀ ਹੀ ਘਟਨਾ ਨਾਵਲਕਾਰ ਜਸਦੇਵ ਸਿੰਘ ਧਾਲੀਵਾਲ ਦੱਸਦਾ ਹੈ:

'ਸਾਲ 1960, ਮਹੀਨਾ ਜਨਵਰੀ, ਦਿਨ ਐਤਵਾਰ ਮੈਂ ਕਾਲਕਾ ਮੇਲ ਫੜਨ ਲਈ ਜਲੰਧਰ ਸ਼ਹਿਰ ਦੇ ਸਟੇਸ਼ਨ `ਤੇ ਆਇਆ ਰਾਤ ਦੇ ਨੌਂ ਸਾਢੇ ਨੌਂ ਦਾ ਸਮਾਂ ਸੀ ਗੱਡੀ ਸਟੇਸ਼ਨ `ਤੇ ਖੜੀ ਸੀ ਜਿਉਂ ਹੀ ਮੈਂ ਇਕ ਡੱਬੇ ਵਿਚ ਚੜ੍ਹਿਆ ਅੱਗੇ ਕੰਵਲ ਜੀ ਬੈਠੇ ਸਨ, ਨਾਲ ਹੀ ਇਕ ਪਰੀਆਂ ਵਰਗੀ ਕੁੜੀ ਬੈਠੀ ਸੀ ਮੇਰੇ ਮਨ ਇਹ ਸੋਚਣ ਲਈ ਥਾਂ ਬਣੀ ਰਹਿਣੀ ਸੀ ਕਿ ਉਹ ਕਿਸੇ ਹੋਰ ਦੇ ਨਾਲ ਹੋਵੇਗੀ, ਜੇ ਉਹ ਉਦੋਂ ਹੀ ਮੈਨੂੰ ਕਾਹਲੀ ਨਾਲ ਬਾਹਰ ਨਾ ਲੈ ਆਉਂਦੇ ਠੰਢ ਅਤੇ ਰਾਤ ਕਰਕੇ, ਬਾਹਰ ਖੜ੍ਹ ਕੇ ਗੱਲਾਂ ਕਰਨ ਦਾ ਇਹ ਢੁਕਵਾਂ ਸਮਾਂ ਨਹੀਂ ਸੀ

'ਸੁਣਾ ਇਸ ਵੇਲੇ ਕਿੱਧਰ ਫਿਰਦੈਂ?` ਉਹਨਾਂ ਦੇ ਸੁਆਲ ਕਰਨ ਵਿਚ ਕਾਹਲੀ ਸੀ

'ਮੇਰੀ ਕਹਾਣੀ 'ਲਾਲ ਪਰੀ` ਨੂੰ ਇਨਾਮ ਮਿਲਿਆ, ਉਹ ਲੈਣ ਆਇਆ ਸੀ, ਕੱਲ੍ਹ ਨੂੰ ਕਲਾਸ ਹੈ` ਮੈਂ ਇਕੋ ਸਾਹੇ ਸਾਰੀ ਗੱਲ ਕਹਿ ਦਿੱਤੀ

'ਅੱਛਾ... ਫਿਰ ਤਾਂ ਤੂੰ ਲੇਖਕ ਬਣ ਕੇ ਹੀ ਰਹੇਂਗਾ`

'ਚੰਗਾ ਫਿਰ ਆਰਾਮ ਕਰ`

ਕਹਿਕੇ ਉਹ ਆਪਣੇ ਡੱਬੇ ਵਿਚ ਜਾ ਚੜ੍ਹੇ ਮੈਨੂੰ ਇਹ ਵਤੀਰਾ ਬਹੁਤ ਬੁਰਾ ਲੱਗਾ ਘੱਟੋ-ਘੱਟ ਕੰਵਲ ਤੋਂ ਅਜਿਹੇ ਵਤੀਰੇ ਦੀ ਉਮੀਦ ਮੈਨੂੰ ਨਹੀਂ ਸੀ ਨਾ ਉਹਨਾਂ ਮੈਨੂੰ ਆਪਣੇ ਕੋਲ ਬੈਠਣ ਲਈ ਕਿਹਾ, ਨਾ ਹੀ ਮੈਂ ਉਸ ਡੱਬੇ ਵਿਚ ਚੜ੍ਹਿਆ ਮਨ ਵਿਚ ਸ਼ੱਕ ਦੀ ਗੰਢ ਬੱਝਣ ਲੱਗੀ ਉਹ ਕੁੜੀ ਕੌਣ ਸੀ? ਮੈਂ ਨਾਲ ਦੇ ਡੱਬੇ ਵਿਚ ਬੈਠ ਗਿਆ ਕਈ ਖਿਆਲ ਮੇਰੇ ਮਨ ਵਿਚ ਆਏ ਦੀਪ ਦੀ ਦੱਸੀ ਗੱਲ ਯਾਦ ਆਈ, ਇਹਦੀ ਮਹਿਬੂਬ ਦਾ ਨਾਉਂ ਪਾਰੋ ਹੈ ਕਿਸੇ ਨੂੰ ਦੱਸਦਾ ਨਹੀਂ, ਦਿਖਾਉਂਦਾ ਨਹੀਂ, ਹੈ ਪਰੀਆਂ ਵਰਗੀ ਉਸ ਦੇ ਨਾਂਓ ਬਦਲਦਾ ਰਹਿੰਦਾ ਹੈ, ਹੋਰਾਂ ਦੇ ਪਿਆਰ ਦੀਆਂ ਕਹਾਣੀਆਂ ਲਿਖਦਾ, ਆਪਣੀ ਦੀ ਭਾਫ਼ ਨਹੀਂ ਕੱਢਦਾ

ਮੈਂ ਨਿਗਾਹ ਰੱਖੀ, ਉਹ ਲੁਧਿਆਣੇ ਨਹੀਂ ਉਤਰੇ ਜਿਥੇ ਮੈਨੂੰ ਉਤਰਨ ਦੀ ਉਮੀਦ ਸੀ ਸਵੇਰੇ ਸਾਝਰੇ ਹੀ ਗੱਡੀ ਚੰਡੀਗੜ੍ਹ ਪਹੁੰਚ ਗਈ ਬੱਤੀਆਂ ਅਜੇ ਬੁਝੀਆਂ ਨਹੀਂ ਸਨ ਮੈਂ ਜਾਣ ਕੇ ਪਿਛੇ ਹੋ ਗਿਆ ਜਿਥੇ ਉਹ ਮੈਨੂੰ ਨਾ ਦੇਖ ਸਕਣ ਪਰ ਮੈਂ ਉਨ੍ਹਾਂ ਨੂੰ ਦੇਖ ਸਕਾਂ ਖੰਭੇ ਦੀ ਰੌਸ਼ਨੀ ਵਿਚ ਮੈਂ ਦੇਖਿਆ ਸੱਚ-ਮੁੱਚ ਹੀ ਇਕ ਗੋਰੀ ਚਿੱਟੀ ਕੁੜੀ ਉਨ੍ਹਾਂ ਦੇ ਨਾਲ ਨਾਲ ਤੁਰੀ ਜਾ ਰਹੀ ਸੀ ਦੇਖਣ ਨੂੰ ਉਹ ਸੱਚ-ਮੁੱਚ ਪਰੀਆਂ ਵਰਗੀ ਲਗਦੀ ਸੀ ਪਰ ਆਪਣੇ ਖੰਭਾਂ ਦੀ ਅਣਹੋਂਦ ਕਾਰਨ, ਬਹੁਤ ਸਾਲਾਂ ਮਗਰੋਂ ਉਹ ਕੰਵਲ ਜੀ ਦੇ ਘਰ ਢੁੱਡੀਕੇ ਆ ਕੇ ਰਹਿਣ ਲੱਗੇ ਸਨ`

ਆਪਣੇ ਰਿਸ਼ਤੇ ਦੀ ਕਿਸੇ ਪਾਸੇ ਵੀ ਭਾਫ ਨਾ ਕੱਢਣ ਬਾਰੇ, ਸੁਆਲ ਪਿਆਰਾ ਸਿੰਘ ਦਾਤਾ ਨੇ ਵੀ ਕੰਵਲ ਸਾਹਿਬ ਤੇ ਜਸਵੰਤ ਗਿੱਲ ਨੂੰ ਪੁੱਛਿਆ ਸੀ ਜਦ ਉਹ ਮੋਗੇ ਕਿਸੇ ਹਾਸਰਸ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਆਇਆ ਸੀ ਤੇ ਸ਼ਾਮ ਨੂੰ ਢੁੱਡੀਕੇ ਆ ਵੜਿਆ ਸੀ

'ਮੇਰੇ ਕੋਲੋਂ ਤੁਸਾਂ ਐਨਾ ਲੁਕਾਅ ਕਿਉਂ ਰਖਿਆ?`

ਇਸ ਸੁਆਲ ਦਾ ਜੁਆਬ ਡਾ. ਜਸਵੰਤ ਗਿੱਲ ਨੇ ਦਿਤਾ ਸੀ:

'ਭਾਪਾ ਜੀ, ਸਾਡੀ ਦੋਹਾਂ ਦੀ ਹਾਲਤ ਅਨੁਕੂਲ ਨਹੀਂ ਸੀ ਅਸੀਂ ਉਚੇ ਨੀਵੇਂ ਹਾਲਾਤ ਨੂੰ ਪੱਧਰਾ ਕਰਦੇ ਰਹੇ ਸਾਨੂੰ ਇਥੋਂ ਤੱਕ ਪੁੱਜਣ ਲਈ ਲੰਮੀ ਸਾਧਨਾ ਕਰਨੀ ਪਈ ਹੈ ਅਸੀਂ ਇਸ ਤਰ੍ਹਾਂ ਹੀ ਸਹਿਜ ਜੁੜ ਸਕਦੇ ਸੀ ਬਦਨਾਮ ਹੋ ਕੇ ਜੁੜਨਾ ਤਾਂ ਖੁਦਕੁਸ਼ੀ ਵਰਗਾ ਹੁੰਦਾ ਐ ਅਣਹੋਏ ਹਾਲਾਤ ਵਿਚ ਜੁੜਨਾ ਇਕ ਤਰ੍ਹਾਂ ਤਪ ਸਾਧਨਾ ਦੀ ਜਿੱਤ ਹੈ`

ਭਾਵੇਂ ਡਾ. ਜਸਵੰਤ ਗਿੱਲ ਦਾ ਪ੍ਰਵਾਰ ਪ੍ਰੀਤ ਲੜੀਆ ਹੋਣ ਕਾਰਨ ਉਸ ਦੇ ਪਿਓ ਅਤੇ ਭਰਾਵਾਂ ਵਲੋਂ ਤਾਂ ਕੰਵਲ ਅਤੇ ਡਾ. ਗਿੱਲ ਦੀ ਦੋਸਤੀ ਨੂੰ ਮਾਨਤਾ ਮਿਲ ਗਈ ਸੀ, ਪਰ ਡਾ. ਗਿੱਲ ਦੀ ਮਾਂ ਨੇ ਤਾਅ ਉਮਰ ਇਸ ਰਿਸ਼ਤੇ ਨੂੰ ਪ੍ਰਵਾਨ ਨਹੀਂ ਕੀਤਾ ਸੀ ਉਹ ਸਾਰੀ ਉਮਰ ਆਪਣੀ ਧੀ ਨੂੰ ਪੁਛਦੀ ਰਹੀ ਸੀ ਕਿ 'ਤੈਨੂੰ ਇਸ ਵਿਆਹੇ-ਵਰੇ ਬੰਦੇ ਵਿਚ ਕੀ ਦਿਸਿਆ ਐ?` ਜਦ ਕੰਵਲ, ਡਾ. ਗਿੱਲ ਨੂੰ ਮਿਲਣ ਲਈ ਸੂਰਜਪੁਰ ਜਾਂਦਾ ਹੁੰਦਾ ਸੀ ਤਾਂ ਡਾ. ਗਿੱਲ ਦੀ ਮਾਂ ਨੇ ਭਾਵੇਂ ਉਭਾਸਰ ਕੇ ਕੰਵਲ ਦੇ ਘਰ ਆਉਣ ਦਾ ਵਿਰੋਧ ਨਹੀਂ ਕੀਤਾ ਸੀ, ਪਰ ਉਸ ਦੇ ਮੱਥੇ ਦੀਆਂ ਤਿਓੜੀਆਂ ਨੇ ਕਦੇ ਖਿੜੇ ਮੱਥੇ ਉਸ ਦਾ ਸੁਆਗਤ ਵੀ ਨਹੀਂ ਕੀਤਾ ਸੀ ਇਸ ਬਾਰੇ ਬਕੌਲ ਕੰਵਲ:

'ਮੈਂ ਫਰਜਾਂ ਦੇ ਪਿੰਜਰੇ ਵਿਚ ਫਸਿਆ ਪੰਛੀ ਸਾਂ ਅਸਲ ਵਿਚ ਵਿਰੋਧ ਦੀ ਜੜ੍ਹ ਮੈਂ ਸਾਂ ਇਕ ਵਾਰ ਅਜਿਹੇ ਵਿਰੋਧ ਵਿਚ ਮੈਂ ਬੇ ਜੀ ਨੂੰ ਕਿਹਾ ਸੀ, 'ਬੇ ਜੀ ਜੇ ਤੁਹਾਡੇ ਮਨ `ਤੇ ਮੇਰਾ ਆਉਣਾ ਬੋਝ ਪਾਉਂਦਾ ਏ, ਮੈਂ ਕਦੇ ਨਹੀਂ ਆਵਾਂਗਾ ਤੁਸੀਂ ਆਪਣੀ ਬੇਟੀ ਨਾਲ ਖੰਡ ਖੀਰ ਰਹੋ ਮਨ ਨੂੰ ਕਲਪਾਓ ਨਾ`

ਮੈਂ ਭਾਵੇਂ ਜਸਵੰਤ ਨੂੰ ਸੱਚੇ ਦਿਲੋਂ ਪਿਆਰ ਕਰਦਾ ਸਾਂ, ਪਰ ਮਾਂ ਨੂੰ ਇਹ ਨਾਤਾ ਕਿਵੇਂ ਬਰਦਾਸ਼ਤ ਹੋ ਸਕਦਾ ਸੀ ਪਰ ਡਾ. ਸਾਹਿਬ ਨੂੰ ਇਹ ਕਿਵੇਂ ਵੀ ਮਨਜ਼ੂਰ ਨਹੀਂ ਸੀ ਉਹ ਕੋਲ ਖਲੋਤਿਆਂ ਫਫਿਆ ਕੇ ਕਿਹਾ, 'ਜਾਣ ਤੋਂ ਪਹਿਲਾਂ ਮੇਰਾ ਗਲ ਘੁੱਟ ਜਾਓ`

ਅਸਲ ਵਿਚ ਤੁਰਨ ਤੋਂ ਪਹਿਲਾਂ ਮੇਰਾ ਗਲ ਘੁੱਟਿਆ ਪਿਆ ਸੀ ਇਹ ਅੜੀ, ਝਿਜਕ ਤੇ ਨਾਂਹ, ਬੇ ਜੀ ਦੇ ਦਿਲੋਂ ਆਖਰੀ ਦਮ ਤੱਕ ਨਹੀਂ ਗਈ ਮੈਂ ਆਪਣੇ ਪਛਤਾਵੇ ਤੋਂ ਦੁਖੀ ਸਾਂ ਕਿਸੇ ਦੀ ਆਤਮਾ ਨੂੰ ਦੁਖੀ ਕਰਕੇ ਮਿਲਣਾ, ਅਸਲੋਂ ਗਲਤ ਐ ਜਦ ਜਸਵੰਤ ਦੇ ਉਤਰੇ ਮੂੰਹ ਵੱਲ ਵੇਖਦਾਂ ਸਾਂ, ਬਹੁਤ ਹੀ ਪ੍ਰੇਸ਼ਾਨ ਹੁੰਦਾ ਸਾਂ ਜਸਵੰਤ ਦੀਆਂ ਭਰੀਆਂ ਅੱਖਾਂ ਵੇਖਦਾ ਸਾਂ, ਘੁਲਾੜੀ ਦੇ ਗੰਨੇ ਵਾਂਗ ਪੀੜਿਆ ਜਾਂਦਾ ਸਾਂ ਉਹਦੇ ਨਾਲ ਜੁੜੇ ਰਹਿਣ ਦਾ ਗੁਰੂ ਟੱਗੇ ਮੱਥਾ ਟੇਕ ਚੁੱਕਾ ਸਾਂ

'ਤੁਹਾਨੂੰ ਵੀ ਨਹੀਂ ਪਤਾ, ਮੈਂ ਕਿਵੇਂ ਦਿਨ ਕੱਟ ਰਹੀ ਆਂ`

ਉਹਦੀ ਛਾਤੀ ਦੇ ਹਾਉਕੇ ਵਿਚ ਮੈਂ ਡੁੱਬ ਕੇ ਰਹਿ ਗਿਆ

'ਮੈਨੂੰ ਕੀ ਨਹੀਂ ਪਤਾ, ਨਾ ਅਣਜਾਣ ਆਂ, ਨਾ ਅਨਾੜੀ, ਦਿਲ ਦੇ ਦਰਦ ਨਾਲ ਮਹਿਸੂਸ ਕਰਦਾ ਆਂ ਦੋ ਤਲਵਾਰਾਂ ਸੰਨ੍ਹ ਆਇਆ ਮੈਂ, ਤਾਂ ਵਾਸਤਾ ਵੀ ਨਹੀਂ ਸਕਦਾ`

ਮੈਂ ਦਿਲ ਦਾ ਸੱਚ ਕਹਿ ਦਿਤਾ

'ਉਹ ਦੋਵੇਂ ਨੰਗੀਆਂ ਤਲਵਾਰਾਂ ਮੇਰੀ ਛਾਤੀ ਨਹੀਂ ਖੁੱਭੀਆਂ ਪਈਆਂ? ਇਸ ਦਰਦ ਦਾ ਲੇਖਾ ਜੋਖਾ ਤੇਰੇ ਬਿਨਾਂ ਕੀਹਦੇ ਅੱਗੇ ਰੱਖਾਂ?`

ਮੈਂ ਸੂਰਜਪੁਰ ਤੋਂ ਦੋਹਰੀ ਮਾਰੂ ਪ੍ਰੇਸ਼ਾਨੀ ਦਾ ਫੜਿਆ ਤੁਰ ਪਿਆ ਜਸਵੰਤ ਬਾਹਰ ਤੱਕ ਤੋਰਨ ਆਈ ਮੇਰੇ ਸਿਰ ਵਿਚ ਕੁੰਡੀ ਚੁਭ ਰਹੀ ਸੀ, ਡਾਢਿਆ ਰੱਬਾ! ਹਸ਼ਰ ਕਿਹੋ ਜਿਹਾ ਹੋਵੇਗਾ? ਮੈਂ ਤਾਂ ਤੁਰ ਆਇਆ, ਪਿਛੋਂ ਪਤਾ ਨਹੀਂ ਮਾਂ ਧੀ ਵਿਚਕਾਰ ਕਿਹੋ ਜਿਹੀ ਤਲਖ਼ ਕਲਾਮੀ ਹੋਈ ਡਾ. ਗਿੱਲ ਦੇ ਹੋਰ ਰਿਸ਼ਤੇਦਾਰਾਂ ਨੇ ਵੀ ਕੰਵਲ ਨੂੰ ਕਦੇ ਪ੍ਰਵਾਨ ਨਹੀਂ ਕੀਤਾ ਸੀ ਅਜਿਹੀ ਹੀ ਇਕ ਉਹ ਹੋਰ ਘਟਨਾ ਸੁਣਾਉਂਦਾ ਹੈ ਜਦ ਡਾ.ਗਿੱਲ ਬੀਮਾਰੀ ਦੀ ਹਾਲਤ ਵਿਚ ਲੁਧਿਆਣੇ ਦੇ ਸੀਐਮਸੀ ਹਸਪਤਾਲ ਵਿਚ ਦਾਖ਼ਲ ਸੀ ਉਥੇ ਹੀ ਡਾ. ਗਿੱਲ ਦੀ ਭਤੀਜੀ ਜਸਵੀਰ ਐਮਡੀ ਡਾਕਟਰ ਸੀ, ਜਿਸ ਨੂੰ ਡਾ. ਗਿੱਲ ਨੇ ਹੀ ਪੜ੍ਹਾਇਆ ਲਿਖਾਇਆ ਸੀ ਕੰਵਲ ਉਸ ਮੌਕੇ ਨੂੰ ਇੰਝ ਯਾਦ ਕਰਦਾ :

'ਭੂਆ ਜੀ! ਕੀ ਹਾਲ ਐ?`

'ਤੂੰ ਕੱਲ੍ਹ ਨਹੀਂ ਆਈ?`

'ਕੱਲ੍ਹ ਮੈਂ ਕਿਤੇ ਬਾਹਰ ਗਈ ਸਾਂ, ਖਿਮਾਂ ਕਰਨਾ, ਅੱਜ ਕੀ ਹਾਲ ਐ?`

'ਬੇਟਾ ਮੈਂ ਚਾਹ ਮੰਗਵਾ ਲਵਾਂ?` ਮੈਂ ਜਸਬੀਰ ਦਾ ਮਾਣ ਸਤਿਕਾਰ ਕਰਨਾ ਆਪਣਾ ਫਰਜ ਸਮਝਿਆ

'ਨਹੀਂ` ਉਸ ਭੌਂ ਕੇ ਮੇਰੇ ਵੱਲ ਤਕਿਆ, `ਚਾਹ ਦੀ ਲੋੜ ਨਹੀਂ` ਉਸ ਨਾਲ ਹੀ ਸਿਰ ਫੇਰ ਦਿਤਾ ਮੈਨੂੰ ਯਾਦ ਆਇਆ, ਜਦੋਂ ਕੁੜੀਆਂ ਨੂੰ ਐਮਬੀਬੀਐਸ ਵਿਚ ਦਾਖਲ ਹੀ ਕਰਵਾਇਆ ਸੀ, ਜਸਵੰਤ ਨੇ ਮੈਨੂੰ ਲੁਧਿਆਣੇ ਸਦ ਲਿਆ ਸੀ ਅਸਾਂ ਕੁੜੀਆਂ ਨਾਲ ਪਿਕਚਰ ਵੇਖੀ ਬਾਹਰ ਨਿਕਲੇ ਲੋਹੜੇ ਦੀ ਬਾਰਸ਼ ਨੇ ਸਾਨੂੰ ਭਿਜਦੇ ਕਰ ਦਿਤਾ ਸੜਕਾਂ ਪਾਣੀ ਨਹੀਂ ਝੱਲ ਰਹੀਆਂ ਸਨ ਮੈਂ ਬੁਰੀ ਤਰ੍ਹਾਂ ਭਿੱਜਿਆ ਪਜ਼ਾਮਾ ਲਾਹ ਕੇ ਮੋਢੇ ਸੁੱਟ ਲਿਆ ਜਸਬੀਰ ਨੇ ਮੇਰੀਆਂ ਨੰਗੀਆਂ ਲੱਤਾਂ, ਭਿੱਜਦੀਆਂ ਵੇਖ ਕਸੀਸ ਵੱਟੀ ਉਸ ਨੂੰ ਮੇਰਾ ਪਜ਼ਾਮਾ ਲਾਹੁਣਾ ਨਫ਼ਰਤ ਦੇ ਗਿਆ ਇਹ ਗੱਲ ਮੇਰੇ ਦਿਮਾਗੋਂ ਨਿਕਲੀ ਨਹੀਂ ਸੀ, ਤੇ ਜਸਬੀਰ ਨੂੰ ਵੇਖ ਕੇ ਪਜ਼ਾਮੇ ਵਾਲੀ ਗਿਲਾਨੀ ਮੈਨੂੰ ਯਾਦ ਆ ਜਾਂਦੀ ਸੀ

'ਇਹਨਾਂ ਨੂੰ ਨੌ ਬਰ ਨੌਂ ਕਰ ਦੇਵੋ, ਇਸੇ ਖਾਹਿਸ਼ ਨਾਲ ਤੁਹਾਡੇ ਕੋਲ ਲੈ ਕੇ ਆਇਆ ਆਂ`

ਮੈਂ ਹਾਉਕੇ ਵਰਗਾ ਸਾਹ ਭਰਿਆ ਜਸਬੀਰ ਨੇ ਤਿੱਖੀਆਂ ਨਜ਼ਰਾਂ ਨਾਲ ਮੈਨੂੰ ਵੇਖਿਆ ਘੱਟ, ਘੂਰਿਆ ਬਹੁਤਾ ਸ਼ਾਇਦ ਜਸਵੰਤ ਦੇ ਘਰ ਦੇ ਜੀਆਂ ਮੈਨੂੰ ਸ਼ੱਕੀ ਨਜ਼ਰਾਂ ਨਾਲ ਵੇਖਣਾ ਛੱਡਿਆ ਨਹੀਂ ਸੀ`

ਮੇਰੇ ਸਮੇਤ ਅਨੇਕਾਂ ਮੁਲਾਕਾਤੀਆਂ ਨੇ ਕੰਵਲ ਸਾਹਿਬ ਨੂੰ ਇਹ ਸੁਆਲ ਪੁੱਛਿਆ ਹੈ ਕਿ ਤੁਹਾਡੀ ਪਤਨੀ ਮੁਖਤਿਆਰ ਕੌਰ ਨੇ ਤੁਹਾਡੇ ਡਾ. ਜਸਵੰਤ ਗਿੱਲ ਨਾਲ ਸਬੰਧਾਂ ਦਾ ਵਿਰੋਧ ਨਹੀਂ ਕੀਤਾ? ਕੰਵਲ ਸਾਹਿਬ ਇਸ ਦਾ ਸਰਲ ਤੇ ਸੁਭਾਵਕ ਜਿਹਾ ਉੱਤਰ ਦੇ ਦਿੰਦੇ ਹਨ ਕਿ ਨਹੀਂ, ਮੇਰੀ ਸ੍ਰੀਮਤੀ ਦਾ ਜੁੱਸਾ ਬਾਇਖੋਰਾ ਸੀ, ਜਿਸ ਕਾਰਨ ਉਸ ਨੂੰ ਗੋਡਿਆਂ ਦੀਆਂ ਦਰਦਾਂ ਰਹਿੰਦੀਆਂ ਸਨ, ਜਦ ਡਾ. ਜਸਵੰਤ ਗਿੱਲ ਇਥੇ ਆ ਗਈ ਤਾਂ ਉਸ ਨੇ ਉਸ ਦੀ ਪੂਰੀ ਸੇਵਾ ਕੀਤੀ, ਜਿਸ ਤੋਂ ਮੇਰੀ ਸ੍ਰੀਮਤੀ ਪੂਰੀ ਤਰ੍ਹਾਂ ਪ੍ਰਸੰਨ ਹੋ ਗਈ ਤੇ ਉਹ ਭੈਣਾਂ ਭਾਗ ਰਹਿਣ ਲੱਗ ਪਈਆਂ`

ਦੇਖਿਆ ਜਾਵੇ ਤਾਂ ਮਨੁੱਖੀ ਰਿਸ਼ਤਿਆਂ ਖ਼ਾਸ ਕਰਕੇ ਪਤੀ ਪਤਨੀ ਦੇ ਰਿਸ਼ਤੇ ਵਿਚ ਚੌਰਸ ਕਿੱਲ ਬਣੇ ਕਿਸੇ ਤੀਜੇ ਨੂੰ ਬਰਦਾਸ਼ਤ ਕਰਨਾ ਐਨਾ ਸੌਖਾ ਤੇ ਸਰਲ ਨਹੀਂ ਹੁੰਦਾ ਕੰਵਲ ਸਾਹਿਬ ਦੀ ਪ੍ਰਮਾਣਕ ਜੀਵਨੀ ਲਿਖਣ ਵਾਲੇ ਕਿਸੇ ਲੇਖਕ ਸਾਹਮਣੇ ਮੁਖਤਿਆਰ ਕੌਰ ਦੀ ਮਾਨਸਿਕਤਾ ਵੰਗਾਰ ਬਣਕੇ ਖੜੀ ਹੈ ਦੇਖਦੇ ਹਾਂ ਉਹ ਕਿਵੇਂ ਇਸ ਦੀਆਂ ਪਰਤਾਂ ਖੋਹਲਦਾ ਹੈ ਜੱਟ ਕਿਸਾਨੀ ਸਮਾਜ ਦੇ ਆਰਥਕ ਤੇ ਸਭਿਆਚਾਰਕ ਧਰਾਤਲਾਂ ਦੀ ਚੀਰ ਫਾੜ ਕਰਿਆਂ ਇਸ ਦਾ ਮੋਟਾ ਜਿਹਾ ਵਿਸ਼ਲੇਸ਼ਣ ਤਾਂ ਕੀਤਾ ਹੀ ਜਾ ਸਕਦਾ ਹੈ ਜਿਵੇਂ ਕਿ ਉਪਰੋਥਲੀ ਚਾਰ ਕੁੜੀਆਂ ਜੰਮ ਪੈਣ ਨਾਲ ਕਿਸਾਨੀ ਸਮਾਜ ਵਿਚ ਕਿਸੇ ਵੀ ਔਰਤ ਦੀ ਸਮਾਜੀ ਤੇ ਪ੍ਰਵਾਰਕ ਹੈਸੀਅਤ ਦਾ ਪਤਲਾ ਪੈ ਜਾਣਾ ਲਾਜ਼ਮੀ ਹੈ ਇਹ ਸਮਝ ਤਾਂ ਹੁਣ ਬਣੀ ਹੈ ਕਿ ਕੁੜੀ ਜਾਂ ਮੁੰਡਾ ਜੰਮਣਾ ਔਰਤ ਦੇ ਵੱਸ ਦੀ ਗੱਲ ਨਹੀਂ, ਇਸ ਨੂੰ ਤਾਂ ਮਰਦ ਹੀ ਨਿਰਧਾਰਤ ਕਰਦਾ ਹੈ ਪਰ ਅੱਧੀ ਸਦੀ ਪਹਿਲਾਂ ਦੇ ਸਮਾਜ ਵਿਚ ਕੁੜੀਆਂ ਜੰਮਣ ਲਈ ਸਿਰਫ਼ ਮਾਂ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਸੀ ਲੋਕ ਗੀਤਾਂ ਵਿਚ ਵੀ ਆਉਂਦਾ ਹੈ:

'ਲੈ ਲੈ ਸਾਧ ਤੋਂ ਨਸੀਬੋ ਪੁੜੀਆਂ

ਤੇਰੀ ਚੰਦਰੀ ਨੀਤ ਨੂੰ ਕੁੜੀਆਂ, ਘਰ ਘਰ ਪੁੱਤ ਜੰਮਦੇ`

ਭਾਵੇਂ ਨਸੀਬੋ ਦਾ ਇਸ ਵਿਚ ਕੋਈ ਦੋਸ਼ ਨਹੀਂ ਪਰ ਨਸੀਬੋ ਆਪਣੇ ਹੀ ਤਰਕ ਨਾਲ ਇਸ ਮੇਹਣੇ ਪ੍ਰਤੀ ਬਗ਼ਾਵਤ ਕਰਦੀ ਹੈ:

'ਗੱਲ ਸੁਣ ਲੈ ਨਸੀਬੋ ਦਿਆ ਚੰਨਣਾ

ਤੇਰੀ ਚੀਨ ਦੀ ਖੱਟੀ ਦਾ ਮੂੰਹ ਭੰਨਣਾ ਮੈਂ ਜੰਮ ਕੇ ਨੌਂ ਕੁੜੀਆਂ`

ਪੇਂਡੂ ਸਮਾਜ ਵਿਚ ਸਿਰਫ਼ ਕੁੜੀਆਂ ਹੀ ਕੁੜੀਆਂ ਜੰਮਣ ਵਾਲੀ ਮਾਂ ਨੂੰ ਪ੍ਰਵਾਰ ਤਾਂ ਪ੍ਰਵਾਰ ਆਲੇ ਦੁਆਲੇ ਦੀਆਂ ਤ੍ਰੀਮਤਾਂ ਵਲੋਂ ਵੀ ਨਹਿਸ਼ ਸਮਝਿਆ ਜਾਂਦਾ ਸੀ ਸ਼ਗਨ ਸਾਰਥਾਂ ਵੇਲੇ ਉਨ੍ਹਾਂ ਔਰਤਾਂ, ਜਿਨ੍ਹਾਂ ਦੇ ਬੱਚੇ ਮਰ ਜਾਂਦੇ ਹੋਣ ਜਾਂ ਸਿਰਫ਼ ਕੁੜੀਆਂ ਹੀ ਕੁੜੀਆਂ ਜੰਮਦੀਆਂ ਹੋਣ, ਨੂੰ ਪਾਸੇ ਰੱਖਿਆ ਜਾਂਦਾ ਸੀ ਅਜਿਹੀਆਂ ਔਰਤਾਂ ਦਾ ਨਵ ਜੰਮੇ ਮੁੰਡਿਆਂ `ਤੇ ਪ੍ਰਛਾਵਾਂ ਪੈਣ ਨੂੰ ਵੀ ਨਹਿਸ਼ ਸਮਝਿਆ ਜਾਂਦਾ ਸੀ ਤੇ ਬੱਚੇ ਇਨ੍ਹਾਂ ਤੋਂ ਪਰ੍ਹਾਂ ਰੱਖੇ ਜਾਂਦੇ ਸਨ ਕੱਬੀਆਂ ਸੱਸਾਂ ਅਤੇ ਦਰਾਣੇ-ਜਠਾਣੇ ਵਿਚ ਵੀ ਅਜਿਹੀਆਂ ਔਰਤਾਂ ਨੂੰ ਦਿਲ ਚੀਰਵੇਂ ਤਾਅਨੇ ਅਤੇ ਤ੍ਰਿਸਕਾਰ ਦਾ ਸਾਹਮਣਾ ਕਰਨਾ ਪੈਂਦਾ ਸੀ ਜੇਕਰ ਘਰ ਵਾਲਾ ਵੀ ਕਲੇਸ਼ ਕਰਨ ਲੱਗ ਜਾਵੇ ਤਾਂ ਅਜਿਹੀਆਂ ਔਰਤਾਂ ਲਈ ਅੱਖਾਂ `ਚ ਘਸੁੰਨ ਦੇ ਕੇ ਰੋਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਦਾ ਤੇ ਉਹ ਇਹ ਕਹਿਕੇ ਸਬਰ ਦਾ ਘੁੱਟ ਭਰ ਲੈਂਦੀਆਂ ਹਨ ਕਿ ਮੇਰੇ ਹੀ ਤੱਤੜੀ ਦੇ ਕਰਮ ਮਾੜੇ ਹਨ ਜਦ ਉਪਰੋਥਲੀ ਕੁੜੀਆਂ ਜੰਮਦੀਆਂ ਹੋਣ ਤਾਂ ਪ੍ਰਵਾਰ ਨੂੰ ਹੀ ਨਹੀਂ ਆਲੇ ਦੁਆਲੇ ਨੂੰ ਵੀ ਵਾਰਸ ਦਾ ਫਿਕਰ ਪੈ ਜਾਂਦਾ ਹੈ ਖਾਸ ਕਰਕੇ ਜੱਟ ਕਿਸਾਨੀ ਸਮਾਜ ਵਿਚ ਤਾਂ ਵਾਰਸ ਬਗੈਰ ਪੀੜ੍ਹੀ ਅਗਾਂਹ ਵਧ ਹੀ ਨਹੀਂ ਸਕਦੀ

ਸੋ ਇਸ ਹਾਲਤ ਵਿਚ ਪ੍ਰਵਾਰ ਅਤੇ ਆਲੇ ਦੁਆਲੇ ਤੇ ਕਈ ਵਾਰ ਪਤਨੀ ਵਲੋਂ ਵੀ ਮਰਦ ਉਤੇ ਦੂਜਾ ਵਿਆਹ ਕਰਵਾਉਣ ਦਾ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਤਾਂ ਪਤਨੀ ਹੀ ਆਪਣੀ ਕੁਆਰੀ ਭੈਣ ਉਹ ਭਾਵੇਂ ਉਸ ਦੇ ਪਤੀ ਤੋਂ ਕਾਫ਼ੀ ਛੋਟੀ ਉਮਰ ਦੀ ਹੋਵੇ ਤਾਂ ਸਾਕ ਆਪਣੇ ਘਰ ਹੀ ਲੈ ਆਉਂਦੀ ਹੈ ਕਿਸਾਨੀ ਸਮਾਜ ਵਿਚ ਛੋਟੀ ਸਾਲੀ ਨੂੰ ਅੱਧੇ ਘਰਵਾਲੀ ਸਮਝਣ ਦੀ ਪ੍ਰਵਿਰਤੀ ਨੂੰ ਜਿਥੇ ਮੂਕ ਜਿਹੀ ਸਮਾਜਕ ਮਾਨਤਾ ਹੈ ਉਥੇ ਦਿਉਰ ਭਰਜਾਈ ਦੇ ਸਰੀਰਕ ਸਬੰਧਾਂ ਨੂੰ ਵੀ ਸੁਭਾਵਕ ਪ੍ਰਵਾਨਗੀ ਹਾਸਲ ਹੈ ਕਈ ਵਾਰ ਔਰਤ ਤਾਂ ਵਿਰੋਧ ਕਰਦੀ ਹੰਦੀ ਹੈ ਪਰ ਬੰਦਾ ਮਨਮਰਜ਼ੀ ਦੀ ਤੀਵੀਂ ਲਿਆਕੇ ਘਰ ਵਿਚ ਸੌਂਕਣ ਦਾ ਵੰਝ ਗੱਡ ਦਿੰਦਾ ਹੈ ਸੌਂਕਣ ਦੇ ਘਰ ਬਾਰ ਦੀ ਮਾਲਕਣ ਬਣ ਜਾਣ ਤੇ ਉਪਜੇ ਵਿਰੋਧ ਨਾਲ ਨਜਿੱਠਣ ਲਈ ਉਹ ਆਪਣੇ ਪੇਕਿਆਂ ਵੱਲ ਭੱਜਦੀ ਹੈ ਸਿਆਣੇ ਕਹਿੰਦੇ ਹਨ ਕਿ 'ਕੱਟਾ ਕਿਲੇ ਦੇ ਜੋਰ ਹੀ ਤਾਂਘੜਦਾ ਹੈ` ਪਰ ਜੇਕਰ ਪੇਕਿਆਂ ਦੀ ਸਮਾਜੀ ਹੈਸੀਅਤ ਹੀਣੀ ਤੇ ਆਰਥਕ ਹਾਲਤ ਕਮਜ਼ੋਰ ਹੋਵੇ ਤਾਂ ਉਸ ਔਰਤ ਲਈ ਲੇਖਾਂ ਦੀਆਂ ਲਿਖੀਆਂ ਭੋਗਣ ਤੋਂ ਸਿਵਾ ਕੋਈ ਚਾਰਾ ਨਹੀਂ ਬਚਦਾ

ਸੋ ਜਦ ਸੱਠਵਿਆਂ ਵਿਚ ਗਾਹੇ-ਵਗਾਹੇ ਡਾ. ਜਸਵੰਤ ਗਿੱਲ ਦਾ ਕੰਵਲ ਸਾਹਿਬ ਦੇ ਘਰੇ ਆਉਣਾ ਸ਼ੁਰੂ ਹੋਇਆ ਤਾਂ, ਇਹ ਬਿਲਕੁਲ ਹੀ ਨਹੀਂ ਕਿ ਮੁਖਤਿਆਰ ਕੌਰ ਨੇ ਸਿਰ ਪੈ ਰਹੀ ਮੁਸੀਬਤ ਨੂੰ ਭਾਂਪਿਆ ਹੀ ਨਾ ਹਵੇ? ਉਸ ਨੇ ਆਪਣਾ ਵਿਰੋਧ ਦਰਜ ਹੀ ਨਾ ਕਰਵਾਇਆ ਹੋਵੇ? ਕੰਵਲ ਸਾਹਿਬ ਦੇ ਆਪਣੇ ਸ਼ਬਦਾਂ ਵਿਚ:

'ਦੇਖ ਮਨ ਖਰਾਬ ਨਾ ਕਰੀਂ ਵੱਡੇ ਜੇਰੇ ਨਾਲ ਜੀ ਆਇਆਂ ਨੂੰ ਆਖ ਜੇ ਮੈਂ ਲੇਖਕ ਰਹਿਣਾ ਏ, ਮੈਨੂੰ ਬਰਾਬਰ ਦੇ ਸਾਹਿਤਕ ਹੁੰਗਾਰੇ ਦੀ ਜ਼ਰੂਰੀ ਲੋੜ ਹੈ ਜਿਹੜਾ ਤੂੰ ਦੇ ਨਹੀਂ ਸਕਦੀ ਜਸਵੰਤ ਦੀ ਸਾਹਿਤਕ ਸੂਝ ਦੀ ਮੈਨੂੰ ਲੋੜ ਹੈ, ਮਜ਼ਬੂਰੀ ਹੈ ਮੈਂ ਤੇਰੇ ਤੋਂ ਚੋਰੀ ਏਧਰ ਉਧਰ ਝਖ ਮਾਰਨ ਨੂੰ ਮਾੜੀ ਗੱਲ ਸਮਝਦਾ ਆਂ ਤੂੰ ਪ੍ਰਾਇਮਰੀ ਤੋਂ ਅਗਾਂਹ ਕੁਝ ਵੀ ਹਾਸਲ ਨਹੀਂ ਕਰ ਸਕਦੀ, ਤੇਰੇ ਘਰ ਦੇ ਹਾਲਤ ਹੀ ਕੁਝ ਅਜਿਹੇ ਸਨ`

ਮੈਂ ਸ੍ਰੀਮਤੀ ਨੂੰ ਆਪਣੀ ਸਾਹਿਤਕ ਲੋੜ ਦੱਸ ਕੇ ਰਾਜ਼ੀ ਕਰਨਾ ਚਾਹੁੰਦਾ ਸਾਂ ਪਰ ਉਹ ਮਨ ਹੀ ਮਨ ਚੁੱਪ, ਸ਼ੌਂਕਣ ਦੇ ਪੱਖ ਨਾਲ ਘੋਲ ਕਰ ਰਹੀ ਸੀ ਉਸ ਸਾਰਾ ਗਿਲਾ ਦਿਲ ਵਿਚ ਘੁੱਟ ਲਿਆ ਸ਼ਾਇਦ ਉਹ ਭਵਿੱਖ ਦੀ ਚਿੰਤਾ ਬਾਰੇ ਅੰਦਰੇ ਅੰਦਰ ਆਪਾ ਤੋੜ ਰਹੀ ਸੀ ਸਾਡੀਆਂ ਮਿਲਣੀਆਂ ਦਾ ਤਾਂ ਉਸ ਨੂੰ ਪਹਿਲਾਂ ਹੀ ਪਤਾ ਸੀ ਮੈਂ ਕਦੇ ਕੁਝ ਲੁਕਾਇਆ ਨਹੀਂ ਸੀ ਪਰ ਅਚਾਨਕ ਮੱਥੇ ਇੱਟ ਵੱਜਣ ਵਾਂਗ ਖਿਲਰ ਕੇ ਰਹਿ ਗਈ ਮਨ ਹੀ ਮਨ ਉਸ ਨੂੰ ਗੁੱਸਾ ਜ਼ਰੂਰ ਚੜਿਆ ਹੋਵੇਗਾ ਮੈਂ ਉਸ ਦੇ ਗੁੱਸੇ ਤੇ ਅੰਦਰਲੀ ਦੁਵਿਧਾ ਨੂੰ ਖਾਰਿਆ ਚਾਹੁੰਦਾ ਸਾਂ ਉਸ ਨੂੰ ਧੀਰਜ ਦੇਣ ਲਈ ਆਖਣ ਲੱਗ ਪਿਆ:

'ਮੈਂ ਹਰ ਹਾਲ ਤੇਰੇ ਨਾਲ ਖੜਾ ਆਂ, ਸਾਰੇ ਸੰਸੇ ਫ਼ਿਕਰ ਮਨੋ ਵਗਾਹ ਛੱਡ ਤੈਨੂੰ ਉਸ ਦਾ ਇਸ ਤਰ੍ਹਾਂ ਅਚਾਨਕ ਆਉਣਾ ਪ੍ਰੇਸ਼ਾਨ ਕਰ ਰਿਹਾ ਹੋਵੇਗਾ ਮੇਰੀ ਲੋੜ ਖਾਤਰ ਵੱਡਾ ਜੇਰਾ ਰੱਖ ਮੈਂ ਹਿਕ ਥਾਪੜ ਕੇ ਆਖਦਾ ਆਂ, ਉਹ ਤੈਨੂੰ ਵੱਡੀ ਭੈਣ ਵਾਂਗ ਪਿਆਰ ਸਤਿਕਾਰ ਦੇਵੇਗੀ ਤੂੰ ਹਰ ਤਰ੍ਹਾਂ ਦੇਖ ਲਵੇਂਗੀ ਉਹ ਡਾਕਟਰ ਐ, ਉਸ ਨੂੰ ਬਰਾਬਰ ਦੇ ਸਾਕਾਂ ਦਾ ਘਾਟਾ ਨਹੀਂ ਸੀ ਪਰ ਸਾਨੂੰ ਦੋਹਾਂ ਨੂੰ ਚੁੰਬੜੀ ਸਾਹਿਤਕ ਲਗਨ ਨੇ ਕੁਦਰਤੀ ਜੋੜ ਦਿਤਾ ਤੈਨੂੰ ਵੱਡਾ ਜੇਰਾ ਦਿਖਾਉਣਾ ਚਾਹੀਦਾ ਹੈ`

ਮੈਂ ਬਾਂਹ ਉਸ ਦੇ ਘੋਢੇ ਉਤੋਂ ਦੀ ਵਲਾਈ ਉਸ ਸੁੰਦਕ ਰਹੇ ਗੁੱਸੇ ਨਾਲ ਲਾਹ ਮਾਰੀ ਉਹਦੇ ਇਸ ਪ੍ਰਤੀਕਰਮ ਨੂੰ ਮੈਂ ਸਮਝਦਾ ਸਾਂ ਪਰ ਉਸ ਬੋਝ ਹੇਠ ਆਈ ਨੇ ਲੰਮੀ ਚੁੱਪ ਵੱਟੀ ਰੱਖੀ

ਜਿਥੇ ਡਾ. ਜਸਵੰਤ ਗਿੱਲ ਦੀ ਘਰ ਵਿਚ ਮੌਜੂਦਗੀ ਦੇਖ ਕੇ ਮੁਖਤਿਆਰ ਕੌਰ ਨੂੰ ਆਪਣਾ ਜਹਾਨ ਉਜੜਦਾ ਨਜ਼ਰ ਆ ਰਿਹਾ ਸੀ, ਉਥੇ ਕੰਵਲ ਦੀ ਮਾਤਾ ਹਰਨਾਮ ਕੌਰ ਉਸ ਨੂੰ ਵੇਖ ਦੇ ਬਾਘੀਆਂ ਪਾ ਉਠਦੀ ਸੀ ਹਰ ਸੱਸ ਦੇ ਅੰਦਰ ਆਪਣੀ ਨੂੰਹ ਤੋਂ ਬਦਲਾ ਲੈਦ ਦੀ ਇਕ ਅਮੋੜ ਰੁਚੀ ਭਾਰੂ ਹੁੰਦੀ ਹੈ ਉਹ ਸਮਝਦੀ ਹੈ ਕਿ ਉਸ ਦੀ ਨੂੰਹ ਨੇ ਆ ਕੇ ਉਸ ਦੇ ਪੁੱਤ ਨੂੰ ਉਸ ਕੋਲੋਂ ਤੋੜ ਲਿਆ ਹੈ ਉਸ ਦਾ ਪਿਆਰ ਵੰਡਾ ਲਿਆ ਹੈ ਨੂੰਹ ਸੱਸ ਦੇ ਕਲੇਸ਼ ਦੀ ਜੜ੍ਹ ਵੀ ਅਕਸਰ ਇਹ ਸੂਖਮ ਮਾਨਸਿਕ ਗੰਢ ਹੁੰਦੀ ਹੈ ਘਰ ਆਈ ਜਸਵੰਤ ਨਾਲ ਜੇਕਰ ਮਾਤਾ ਹਰਨਾਮ ਕੌਰ ਖੰਡ ਖੀਰ ਹੁੰਦੀ ਹੈ ਜਾਂ ਸ਼ਰੀਕਣੀਆਂ ਨੂੰ ਮੇਰੀ 'ਡਾਕਟਰਨੀ ਨੂੰਹ` ਕਹਿ ਕੇ ਉਨ੍ਹਾਂ `ਤੇ ਰੋਅਬ ਪਾਉਂਦੀ ਹੈ ਤਾਂ ਉਹ ਇਸ ਨਾਲ ਆਪਣੀ ਪਹਿਲੀ ਨੂੰਹ ਨੂੰ ਨੀਵੀਂ ਕਰਕੇ ਹੀ ਮਾਨਸਿਕ ਸੰਤੁਸ਼ਟੀ ਹਾਸਲ ਕਰਦੀ ਹੈ ਅੰਦਰੇ ਅੰਦਰ ਇਹ ਚਾਹੁੰਦੀ ਵੀ ਹੋਵੇਗੀ ਕਿ ਉਸ ਦਾ ਪੁੱਤਰ ਛੇਤੀ ਇਸ ਡਾਕਟਰਨੀ ਨੂੰਹ ਨੂੰ ਘਰ ਲੈ ਆਵੇ ਤੇ ਉਸ ਦੀ ਵੇਲ ਵਧੇ ਸੋ ਜਿਥੇ ਸੱਸ ਵੀ ਪੁੱਤਰ ਲਈ ਨਵੀਂ ਬਹੂ ਲਿਆਉਣ ਲਈ ਤਾਹੂ ਹੋਵੇ, ਪਤੀ ਗੱਲ ਗੱਲ `ਤੇ ਪਤਨੀ ਨੂੰ ਘੱਟ ਪੜ੍ਹੀ ਲਿਖੀ ਹੋਣ ਦੀ ਗੱਲ ਰੜਕਾ ਕੇ ਹੀਣ ਭਾਵਨਾ ਪੈਦਾ ਕਰਦਾ ਰਹੇ, ਪੇਕੇ ਅਸਲੋਂ ਕਮਜ਼ੋਰ ਹੋਣ ਤਾਂ ਉਸ ਕੋਲ ਆਪਣੀ ਵੇਦਨਾ ਪ੍ਰਗਟ ਕਰਨ ਲਈ ਕਿਹੜਾ ਥਾਂ ਬਚਿਆ ਹੋਵੇਗਾ? ਸੋ ਚਾਰ ਧੀਆਂ ਦੀ ਹੀਣਤਾ ਨੇ ਮੁਖਤਿਆਰ ਕੌਰ ਨੂੰ ਦੜ ਵੱਟਣ ਲਈ ਮਜ਼ਬੂਰ ਕਰ ਦਿਤਾ ਹੋਵੇਗਾ

ਭਾਵੇਂ ਕੁਝ ਸਮੇਂ ਬਾਅਦ ਮੁਖਤਿਆਰ ਕੌਰ ਨੇ ਇਕ ਪੁੱਤਰ ਨੂੰ ਜਨਮ ਦੇ ਕੇ ਅਗਲੇ ਪਿਛਲੇ ਧੋਣੇ ਧੋ ਦਿਤੇ ਸਨ ਜਿਸ ਨਾਲ ਉਸ ਦਾ ਸਮਾਜੀ ਰੁਤਬਾ ਦੀ ਬਹਾਲ ਹੋਇਆ ਤੇ ਪ੍ਰਵਾਰਕ ਹੈਸੀਅਤ ਵੀ ਮਜ਼ਬੂਤ ਹੋਈ ਪਰ ਨਾਲ ਹੀ ਸੌਂਕਣ ਨੂੰ ਪ੍ਰਵਾਨ ਕਰ ਲੈਣ ਨਾਲ ਉਸ ਨੂੰ ਇਕ ਨਵੀਂ ਚਿੰਤਾ ਨੇ ਵੀ ਆ ਘੇਰਿਆ ਸੀ ਉਹ ਖਦਸ਼ਾ ਸੀ ਕਿਧਰੇ ਸੌਂਕਣ ਪੁੱਤਰ ਜੰਮ ਕੇ ਉਸ ਦੇ ਇਕੱਲੇ ਪੁੱਤਰ ਦਾ ਹਿੱਸਾ ਵੰਡਾਉਣ ਵਾਲਾ ਸ਼ਰੀਕ ਖੜਾ ਨਾ ਕਰ ਦੇਵੇ? ਕੰਵਲ ਅਤੇ ਡਾ. ਜਸਵੰਤ ਦੀ ਦੋਸਤੀ ਨੂੰ ਪਤੀ-ਪਤਨੀ ਦਾ ਦਰਜਾ ਮਿਲ ਜਾਣ ਅਤੇ ਡਾ. ਜਸਵੰਤ ਦੇ ਨਿਆਂਈਂ ਵਾਲੀ ਕੋਠੀ ਵਿਚ ਆ ਡੇਰੇ ਲਾਉਣ ਨਾਲ ਮੁਖਤਿਆਰ ਕੌਰ ਦੀ ਚਿੰਤਾ ਸੁਭਾਵਕ ਤੇ ਵਾਜਬ ਵੀ ਸੀ ਮੈਂ ਪਹਿਲਾਂ ਕਿਹਾ ਹੈ ਕਿ ਕੰਵਲ ਖੁਸ਼ਕਿਸਮਤ ਹੈ ਕੁਦਰਤ ਉਸ `ਤੇ ਹਮੇਸ਼ਾ ਮਿਹਰਬਾਨ ਰਹੀ ਹੈ ਡਾ. ਜਸਵੰਤ ਗਿੱਲ ਦੇ ਕੋਈ ਬੱਚਾ ਨਹੀਂ ਹੋਇਆ ਇਕ ਵਾਰ ਮੈਂ ਇਹ ਅਤਿ ਨਿੱਜੀ ਜਿਹੀ ਸੁਆਲ ਪੁਛਿਆ :

'ਚਾਚਾ ਤੁਹਾਡੇ ਬੱਚਾ ਕੁਦਰਤੀ ਹੀ ਨਹੀਂ ਹੋਇਆ ਜਾਂ ਜਾਣ ਬੁੱਝ ਕੇ ਨਹੀਂ ਲਿਆ?`

'ਨਹੀਂ! ਇਹ ਡਾਕਟਰ ਸਾਹਿਬ ਦਾ ਸੋਚਿਆ ਸਮਝਿਆ ਫੈਸਲਾ ਸੀ ਉਸਨੇ ਕਿਹਾ ਸੀ ਕਿ ਮੈਂ ਬੱਚਾ ਪੈਦਾ ਕਰਕੇ ਘਰਦੀ ਮੁਹੱਬਤ ਨਹੀਂ ਵੱਢ ਸਕਦੀ ਮੈਂ ਘਰ ਦੇ ਬੱਚਿਆਂ ਨਾਲ ਜੁੜੀ ਆਂ ਭੈਣ ਜੀ ਨੂੰ ਮਨਾ ਲਿਆ ਐ, ਜੇਕਰ ਮੈਂ ਬੱਚਾ ਪੈਦਾ ਕਰ ਲਿਆ, ਇਹ ਮੁਹੱਬਤ ਕਲੇਸ਼ ਵਿਚ ਬਦਲ ਜਾਵੇਗੀ ਪਿਆਰ ਦਾ ਸਜ਼ਾ ਲਏ ਬਗੈਰ ਮਨੁੱਖ ਪਿਆਰ ਦਾ ਅਧਿਕਾਰੀ ਨਹੀਂ ਹੋ ਸਕਦਾ`

'ਬੱਚਾ ਕੁਦਰਤੀ ਹੀ ਨਹੀਂ ਹੋਇਆ ਜਾਂ ਲਿਆ ਹੀ ਨਹੀਂ?`

ਮੈਂ ਕੰਵਲ ਸਾਹਿਬ ਨੂੰ ਹੋਰ ਕੁਰੇਦਣਾ ਚਾਹਿਆ

'...ਨਹੀਂ, ਇਕ ਵਾਰ ਹੋ ਗਿਆ ਸੀ,` ਕੰਵਲ ਸਾਹਿਬ ਨੇ ਠਰੰਮੇ ਨਾਲ ਕਹਿਣਾ ਸ਼ੁਰੂ ਕੀਤਾ, 'ਇਕ ਵਾਰ ਅਸੀਂ ਆਹ ਬਾਹਰ ਪਏ ਸਾਂ`

ਕੰਵਲ ਸਾਹਿਬ ਨੇ ਬਾਹਰ ਮੂੰਗਰਿਆਂ ਵੱਲ ਇਸ਼ਾਰਾ ਕੀਤਾ,

'ਗਰਮੀ ਦਾ ਮਹੀਨਾ ਸੀ, ਮੱਛਰਦਾਨੀਆਂ ਲਾਈਆਂ ਹੋਈਆਂ ਸਨ ਮੈਨੂੰ ਡਾਕਟਰ ਸਾਹਿਬ ਦੀ ਸਿਹਤ ਕਮਜ਼ੋਰ ਲੱਗੀ ਜਦ ਮੈਂ ਇਸ ਬਾਰੇ ਪੁੱਛਿਆ ਤਾਂ ਪਹਿਲਾਂ ਤਾਂ ਉਹ ਟਾਲ ਮਟੋਲ ਕਰੀ ਜਾਵੇ ਜਦ ਮੈਂ ਜ਼ੋਰ ਪਾਇਆ ਤਾਂ ਆਖਣ ਲੱਗੀ ਕਿ ਮੈਨੂੰ ਤਾਂ ਗਰਭ ਠਹਿਰ ਗਿਆ ਸੀ, ਮੈਂ ਤਾਂ ਦਿੱਲੀ ਕਿਸੇ ਸਹੇਲੀ ਡਾਕਟਰ ਤੋਂ ਅਬਾਰਸ਼ਨ ਕਰਵਾ ਕੇ ਆਈ ਆਂ ਮੈਂ ਉਹਨੂੰ ਬਹੁਤ ਲੜਿਆ ਮੈਂ ਆਖਿਆ ਲੋਕ ਤਾਂ ਅਰਦਾਸਾਂ ਕਰ ਕਰ ਬੱਚਾ ਭਾਲਦੇ ਐ ਉਹ ਮਾਫ਼ੀਆਂ ਮੰਗੀ ਜਾਵੇ ਕਹਿੰਦੀ ਮੈਂ ਇਹ ਸਾਰਾ ਕੁਝ ਪ੍ਰਵਾਰ ਦੀ ਖੁਸ਼ੀ ਲਈ ਕੀਤਾ ਹੈ`

ਡਾ. ਜਸਵੰਤ ਗਿੱਲ ਦੀ ਇਹ ਗੱਲ ਕੰਵਲ ਸਾਹਿਬ ਨੇ ਆਪਣੀ ਪਤਨੀ ਮੁਖਤਿਆਰ ਕੌਰ ਨੂੰ ਦੱਸੀ ਹੋਵੇਗੀ ਜਿਸ ਤੋਂ ਨਿਸ਼ਚਿਤ ਤੇ ਪ੍ਰਭਾਵਤ ਹੋ ਕੇ ਉਸ ਨੇ ਸੌਂਕਣ ਦਾ ਹਿੱਕ `ਤੇ ਬਲਦਾ ਦੀਵਾ ਪ੍ਰਵਾਨ ਕਰ ਲਿਆ ਹੋਵੇਗਾ ਹੋ ਸਕਦਾ ਹੈ ਮੁਖਤਿਆਰ ਕੌਰ ਨੇ ਜੱਟ ਸਭਿਆਚਾਰ ਦੀ ਸਿਆਣਪ ਹੀ ਵਰਤੀ ਹੋਵੇ, ਜਿਸ ਅਧੀਨ ਜੱਟੀਆਂ ਜਮੀਨ ਜਾਇਦਾਦ ਵੰਡੇ ਜਾਣ ਤੋਂ ਰੋਕਣ ਲਈ ਛੜੇ ਜੇਠਾਂ ਨੂੰ ਵੀ ਪ੍ਰਵਾਨ ਕਰ ਲੈਂਦੀਆਂ ਹਨ ਕੰਵਲ ਦੇ ਨਾਵਲ 'ਜੇਰਾ` ਦੀ ਨਾਇਕ ਹਰਿੰਦਰ ਆਪਣੇ ਦਿਉਰ ਜਿੰਦੂ ਦੀ ਚੌਕੀਂ ਤੋਂ ਗਦੈਲਾ ਤੇ ਚੁਤੱਹੀ ਉਦੋਂ ਇਕੱਠੀ ਕਰ ਲੈਂਦੀ ਹੈ ਜਦ ਉਸ ਨੂੰ ਸ਼ਗਨ ਪੈਣ ਦੀ ਬਿਲਕੁਲ ਤਿਆਰੀ ਹੁੰਦੀ ਹੈ ਮੈਂ ਪਹਿਲਾਂ ਕਿਹਾ ਕਿ ਕੰਵਲ ਕਿਸਮਤ ਦਾ ਧਨੀ ਹੈ, ਜਿਸ ਨੇ ਵਗੈਰ ਕਿਸੇ ਵਿਰੋਧ ਦੋ ਬੇੜੀਆਂ ਦੀ ਸਵਾਰੀ ਕੀਤੀ ਹੈ

ਕੰਵਲ ਦੇ ਐਨਾ ਲਿਖਣ ਅਤੇ ਪ੍ਰਸੰਨ ਲੰਮੀ ਉਮਰ ਦਾ ਰਾਜ ਉਸ ਦੀ ਪ੍ਰਵਾਰਕ ਸੁਖਸ਼ਾਂਤੀ ਦੇ ਕਾਰਨ ਹੈ ਇਕ ਵਾਰ ਨਾਵਲਕਾਰ ਜਸਦੇਵ ਸਿੰਘ ਧਾਲੀਵਾਲ ਕੰਵਲ ਸਾਹਿਬ ਕੋਲ ਗਿਆ ਜਦ ਉਹ ਘਰ ਰੋਟੀ ਖਾਣ ਗਏ ਤਾਂ ਉਸ ਨੇ ਹਾਸੇ ਹਾਸੇ ਵਿਚ ਕੰਵਲ ਵਲੋਂ ਡਾ.ਗਿੱਲ ਨੂੰ ਪਿੰਡ ਲਿਆਉਣ ਦੀ ਗੱਲ ਕਰਕੇ ਕੰਵਲ ਦੀ ਪਤਨੀ ਮੁਖਤਿਆਰ ਕੌਰ ਨੂੰ ਚਮਕਾਉਣਾ ਚਾਹਿਆ

'ਚਾਚੀ ਤੂੰ ਕੇਹੜੀ ਮਿੱਟੀ ਦੀ ਬਣੀ ਹੋਈ ਹੈਂ, ਇਹਦੇ ਗਿੱਟੇ ਕਿਉਂ ਨਹੀਂ ਛਾਂਗਦੀ? ਤੇਰੇ ਜਿਊਂਦੇ ਜੀਅ ਤੇਰੇ ਸਿਰ `ਤੇ...`

'ਨਾ ਭਾਈ ਨਾ, ਇਉਂ ਨਾ ਕਹਿ` ਉਹ ਮੇਰੀ ਗੱਲ ਟੁੱਕ ਕੇ ਬੋਲੀ

'ਉਹ ਤਾਂ ਮੈਨੂੰ ਸਕੀਆਂ ਭੈਣਾਂ ਨਾਲੋਂ ਵੱਧ ਐ`

'ਕਿਉਂ ਦੇਖ ਲਿਆ ਪੱਥਰ ਚੱਟ ਕੇ?` ਕੰਵਲ ਜੀ ਹੱਸਣ ਲੱਗੇ

ਆਖਰ ਕੰਵਲ ਨੂੰ ਕਿਸਮਤ ਦਾ ਧਨੀ ਹੀ ਕਹਿਣਾ ਪਵੇਗਾ

24 ਮਾਰਚ 2010
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas