BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਸ਼੍ਰੋਮਣੀ ਕਮੇਟੀ ਚੋਣਾਂ :
ਬਾਦਲ ਜਾਂ ਬਦਲ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਂਦੇ 6 ਮਹੀਨਿਆਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਬਾਦਲ ਵਿਰੋਧੀ ਧਿਰਾਂ ਇਕ ਮੰਚ `ਤੇ ਇਕੱਤਰ ਹੋਣ ਦੀਆਂ ਤਿਆਰੀਆਂ ਵਿਚ
 
ਤਲਵਿੰਦਰ ਸਿੰਘ ਬੁੱਟਰ

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਤਾਰੀਖ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਪਣੀਆਂ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਕਰ ਰੱਖੀਆਂ ਹਨ ਦੂਜੇ ਪਾਸੇ ਬਾਦਲ ਦਲ ਦੀਆਂ ਵਿਰੋਧੀ ਧਿਰਾਂ ਵੀ ਸਖ਼ਤ ਟੱਕਰ ਦੇਣ ਲਈ ਇਕਮੁੱਠ ਹੋਣ ਜਾ ਰਹੀਆਂ ਹਨ, ਜਿਸ ਵਿਚ ਸੂਤਰਧਾਰ ਦਾ ਰੋਲ ਭਾਈ ਰਣਜੀਤ ਸਿੰਘ ਨਿਭਾ ਰਹੇ ਹਨ ਕੀ ਇਨ੍ਹਾਂ ਚੋਣਾਂ ਵਿਚ ਮੁੜ ਤੋਂ ਬਾਦਲ ਦਾ ਕਬਜ਼ਾ ਹੋਵੇਗਾ ਜਾਂ ਇਸ ਵਾਰ ਬਾਦਲ ਵਿਰੁੱਧ ਖੜ੍ਹੀਆਂ ਹੋਈਆਂ ਪੰਥਕ ਧਿਰਾਂ ਕੋਈ ਨਵਾਂ ਬਦਲ ਪੇਸ਼ ਕਰਨ `ਚ ਕਾਮਯਾਬ ਹੋਣਗੀਆਂ ਜੋ ਕੰਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਹੀਂ ਕਰ ਸਕੇ, ਕੀ ਉਹ ਕੰਮ ਇਨ੍ਹਾਂ ਚੋਣਾਂ ਵਿਚ ਹੋਵੇਗਾ, ਅਜਿਹੇ ਸਵਾਲਾਂ ਨੂੰ ਅਤੇ ਐਸਜੀਪੀਸੀ ਚੋਣਾਂ ਦੇ ਬਣ ਰਹੇ ਮਾਹੌਲ ਅਤੇ ਪਿਛੋਕੜ `ਤੇ ਝਾਤ ਮਾਰਦੀ ਇਹ ਖ਼ਾਸ ਰਿਪੋਰਟ

 

ਆਉਂਦੇ ਵਰ੍ਹੇ ਦੇ ਸ਼ੁਰੂ ਵਿਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਦੇ ਆਸਾਰ ਪੈਦਾ ਹੋ ਗਏ ਹਨ ਇਸ ਵਾਰ ਵੀ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਮੁੜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ `ਤੇ ਕਬਜ਼ੇ ਲਈ ਸਿਰ-ਧੜ੍ਹ ਦੀ ਬਾਜੀ ਲਾਉਣ ਨੂੰ ਤਿਆਰ ਹੈ ਸਿਰ-ਧੜ੍ਹ ਦੀ ਬਾਜੀ ਇਸ ਲਈ ਕਿ ਇਸ ਵਾਰ ਸਾਰੀਆਂ ਬਾਦਲ ਵਿਰੋਧੀ ਪੰਥਕ ਧਿਰਾਂ ਇਕ ਮੰਚ `ਤੇ ਇਕੱਤਰ ਹੋ ਕੇ ਬਾਦਲ ਨੂੰ ਸਾਹਮਣੇ ਤੋਂ ਟੱਕਰ ਦੇਣ ਲਈ ਵਿਉਂਤਾਂ ਘੜਨ ਲੱਗੀਆਂ ਹਨ ਇਹ ਟੱਕਰ ਉਸ ਸਮੇਂ ਹੋਰ ਵੀ ਤਕੜੀ ਹੋ ਸਕਦੀ ਹੈ, ਜੇਕਰ ਪਰਮਜੀਤ ਸਿੰਘ ਸਰਨਾ ਦੀ ਪਿੱਠ ਪਿੱਛੇ ਕੈਪਟਨ ਅਤੇ ਕੇਂਦਰ ਦੀ ਕਾਂਗਰਸ ਸਰਕਾਰ ਆ ਖੜ੍ਹੀ ਹੋਈ ਇਨ੍ਹਾਂ ਚੋਣਾਂ ਵਿਚ ਬਾਦਲ ਜਿੱਥੇ ਪਿਛਲੇ ਸਮੇਂ ਤੋਂ ਹੀ ਆਪਣੇ ਵਿਰੋਧੀ ਗਰਮ ਖਿਆਲੀ ਧਿਰਾਂ ਨੂੰ ਜੇਲ੍ਹਾਂ ਵਿਚ ਡੱਕ ਕੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਹੱਥ ਰੱਖਣਾ ਚਾਹੁੰਦਾ ਹੈ, ਉਥੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਬਿੱਟੂ, ਪਰਮਜੀਤ ਸਿੰਘ ਸਰਨਾ, ਰਵੀਇੰਦਰ ਸਿੰਘ ਅਤੇ ਬਰਨਾਲਾ ਧੜ੍ਹਾ ਇਕ ਹੋ ਕੇ ਬਾਦਲ ਨੂੰ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕਰਨਾ ਚਾਹੁੰਦਾ ਹੈ ਇਥੇ ਸਭ ਤੋਂ ਪਹਿਲਾ ਸਵਾਲ ਜੋ ਆਮ ਅਤੇ ਸੱਚੇ ਸਿੱਖ ਦੇ ਮਨ ਵਿਚ ਉਠਦਾ ਹੈ, ਉਹ ਇਹ ਹੈ ਕਿ ਬਾਦਲ ਜਾਂ ਉਸਦਾ ਕੋਈ ਬਦਲ ਐਸਜੀਪੀਸੀ ਸਾਂਭ ਲਵੇ, ਕੀ ਗੋਲਕ ਚੋਰੀ ਰੁਕ ਜਾਵੇਗੀ ਕਿਉਂਕਿ ਪਹਿਲੀ ਨਜ਼ਰੇ ਬਾਦਲ ਧਿਰ ਅਤੇ ਇਸਦੀਆਂ ਸਾਰੀਆਂ ਵਿਰੋਧੀ ਧਿਰਾਂ ਅਸਲ ਸਿਧਾਂਤਾਂ ਤੋਂ ਥਿੜਕੀਆਂ ਨਜ਼ਰ ਆਉਂਦੀਆਂ ਹਨ ਦੂਜਾ ਸਵਾਲ ਇਹ ਹੈ ਕਿ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੀ ਸ਼ਖ਼ਸੀਅਤ ਬਾਦਲ ਦੀ ਪਿੱਠ ਨਹੀਂ ਲਵਾ ਸਕੀ ਤਾਂ ਕੀ ਇਹ ਲੋਕ ਕਾਮਯਾਬ ਹੋਣਗੇ? ਇਥੇ ਸਭ ਤੋਂ ਵੱਡਾ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਪਿਛਲੇ 6 ਮਹੀਨਿਆਂ ਤੋਂ ਪੰਜਾਬ ਵਿਚ ਅਜਿਹੀਆਂ ਕਈ ਘਟਨਾਵਾਂ ਹੋਈਆਂ, ਜਿਨ੍ਹਾਂ ਨੇ ਜੇ ਭੈਅ ਨਹੀਂ ਤਾਂ ਖਾੜਕੂਵਾਦ ਮੁੜ ਉਭਰਨ ਦਾ ਥੋੜ੍ਹਾ ਜਿਹਾ ਡਰ ਮੁੜ ਪੈਦਾ ਕੀਤਾ ਹੈ ਚਾਹੇ ਡੇਰਾ ਪ੍ਰੇਮੀ ਦਾ ਕਤਲ, ਚਾਹੇ ਰੁਲਦਾ ਸਿੰਘ ਦਾ ਕਤਲ, ਚਾਹੇ ਖਾੜਕੂ ਬਲਬੀਰ ਸਿੰਘ ਭੂਤਨਾ ਦੀ ਗ੍ਰਿਫ਼ਤਾਰੀ, ਚਾਹੇ ਬੱਬਰ ਖ਼ਾਲਸਾ ਵਲੋਂ ਕਾਂਗਰਸੀਆਂ ਨੂੰ ਸੋਧਣ ਅਤੇ ਕਾਂਗਰਸ ਭਵਨ ਨੂੰ ਉਡਾਉਣ ਦੀ ਧਮਕੀ ਅਤੇ ਚਾਹੇ 11 ਤੋਂ ਵੱਧ ਬਾਰਾਤੀ ਲਿਜਾਉਣ ਦੀ ਮਨਾਹੀ ਵਰਗੇ ਪੋਸਟਰ ਇਹ ਸਭ ਕੜੀਆਂ ਬਾਦਲ ਵਿਰੋਧੀ ਧਿਰਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਭਾਰੀ ਵੀ ਪੈ ਸਕਦੀਆਂ ਹਨ ਕਿਉਂਕਿ ਬਾਦਲ ਵਿਰੋਧੀ ਬਹੁਤਾਤ ਆਗੂਆਂ ਦਾ ਪਿਛੋਕੜ ਗਰਮ ਵਿਚਾਰਧਾਰਾ ਨਾਲ ਜੁੜਿਆ ਰਿਹਾ ਹੈ ਇਸ ਲਈ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਵਿਚ ਮੁੜ ਤੋਂ ਗਰਮ ਹਵਾ ਵਗੇ ਇਹ ਵੀ ਸੰਭਵ ਹੈ ਕਿ ਅਜਿਹਾ ਮਾਹੌਲ ਬਾਦਲ ਧਿਰ ਹੀ ਸਿਰਜ ਰਹੀ ਹੋਵੇ ਕਿਉਂਕਿ ਇਹ ਲੜਾਈ ਅਸਲ ਵਿਚ ਸਿੱਖੀ ਦੀ ਜਾਂ ਸਿਧਾਂਤਾਂ ਦੀ ਨਹੀਂ, ਸਗੋਂ ਰਾਜਨੀਤਕ ਸੱਤਾ ਦੀ ਹੀ ਹੈ ਅਜਿਹੇ ਦੌਰਾਨ ਕੋਈ ਵੀ ਦੁੱਧ ਧੋਤਾ ਨਜ਼ਰ ਨਹੀਂ ਆਉਂਦਾ ਜਦੋਂ ਚੋਣਾਂ ਹੋਣਗੀਆਂ, ਜਦੋਂ ਨਤੀਜਾ ਆਵੇਗਾ ਤਦ ਹੀ ਪਰਦੇ ਦੇ ਪਿਛੇ ਦਾ ਅਸਲੀ ਸੱਚ ਵੀ ਸਾਹਮਣੇ ਆ ਜਾਵੇਗਾ

ਨਵੇਂ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਵਲੋਂ ਆਉਂਦੇ 6 ਮਹੀਨਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦਾ ਵਿਸ਼ਵਾਸ ਦਿਵਾਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਚੋਣਾਂ ਦਾ ਬਿਗਲ ਲਗਭਗ ਵੱਜ ਚੁੱਕਾ ਹੈ ਸ਼੍ਰੋਮਣੀ ਕਮੇਟੀ ਦੇ ਪੰਜ ਸਾਲਾ ਜਨਰਲ ਹਾਊਸ ਦੀ ਮਿਆਦ 30 ਅਗਸਤ 2009 ਨੂੰ ਪੁੱਗ ਚੁੱਕੀ ਹੈ ਇਸ ਤੋਂ ਕੁਝ ਮਹੀਨੇ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਲਈ ਸਫ਼ਬੰਦੀ ਦੀਆਂ ਸਰਗਰਮੀਆਂ ਆਰੰਭ ਹੋ ਗਈਆਂ ਸਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਸ਼੍ਰੋਮਣੀ ਕਮੇਟੀ ਦੀ ਸੱਤਾ ਖੋਹਣ ਲਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਦਲ ਦਲ ਵਿਰੋਧੀ ਪੰਥਕ ਜਥੇਬੰਦੀਆਂ ਅਤੇ ਗਰਮ ਖਿਆਲੀ ਧਿਰਾਂ ਸਰਗਰਮੀ ਨਾਲ ਜੁਟੀਆਂ ਹੋਈਆਂ ਹਨ ਬੇਸ਼ੱਕ ਬਾਦਲ ਦਲ ਨੇ ਆਪਣੀਆਂ ਐਲਾਨੀਆ ਚੋਣ ਸਰਗਰਮੀਆਂ ਹਾਲੇ ਸ਼ੁਰੂ ਨਹੀਂ ਕੀਤੀਆਂ ਪਰ ਅੰਦਰਖਾਤੇ ਉਹ ਵੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਕਮਰਕੱਸੇ ਜ਼ਰੂਰ ਕਰ ਰਿਹਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਇਸ ਵਾਰ ਬਾਦਲ ਦਲ ਵਿਰੋਧੀ ਪੰਥਕ ਤੇ ਗਰਮਖਿਆਲੀ ਜਥੇਬੰਦੀਆਂ ਕੁਝ ਨਵਾਂ ਕਰ ਦਿਖਾਉਣ ਵਿਚ ਸਫ਼ਲ ਹੋ ਸਕਣਗੀਆਂ ਇਨ੍ਹਾਂ ਜਥੇਬੰਦੀਆਂ ਦੀ ਸਫ਼ਬੰਦੀ ਨੇ ਸਿਆਸੀ ਹਲਕਿਆਂ ਵਿਚ ਵੱਡੀ ਹਲਚਲ ਤਾਂ ਜ਼ਰੂਰ ਪੈਦਾ ਕਰ ਦਿੱਤੀ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਦਲ ਸ਼੍ਰੋਮਣੀ ਕਮੇਟੀ ਦੀ ਸੱਤਾ ਬਾਦਲ ਦਲ ਤੋਂ ਖੋਹਣ ਅਤੇ ਸਿਆਸੀ ਅਤੇ ਸਿਧਾਂਤਕ ਲੜਾਈ ਦੇਣ ` ਕਿੰਨੇ ਕੁ ਕਾਮਯਾਬ ਹੋ ਸਕਣਗੇ

ਸ਼੍ਰੋਮਣੀ ਕਮੇਟੀ ਦੀਆਂ ਪਿਛਲੀਆਂ ਆਮ ਚੋਣਾਂ ਜੁਲਾਈ 2004 ਦੌਰਾਨ ਹੋਈਆਂ ਸਨ ਇਸ ਸਾਲ ਸ਼੍ਰੋਮਣੀ ਕਮੇਟੀ ਦੇ 5 ਸਾਲਾ ਹਾਊਸ ਦੀ ਮਿਆਦ ਖ਼ਤਮ ਹੋਣ ਤੋਂ ਕਈ ਮਹੀਨੇ ਪਹਿਲਾਂ ਹੀ ਬਾਦਲ ਵਿਰੋਧੀ ਪੰਥਕ ਧਿਰਾਂ ਕਮਰਕੱਸੇ ਕਰਨ ਲੱਗ ਪਈਆਂ ਹਨ ਇਸ ਵਰ੍ਹੇ ਦੀ ਸ਼ੁਰੂਆਤ ਤੋਂ ਹੀ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਐਲਾਨੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ ਇਸੇ ਕਰਕੇ ਇਸ ਪਾਰਟੀ ਨੇ ਲੋਕ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ `ਚ ਹਿੱਸਾ ਨਹੀਂ ਲਿਆ ਇਹ ਪਾਰਟੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਸਿਆਸੀ ਤਿਆਰੀਆਂ ਦੇ ਨਾਲ-ਨਾਲ ਸਿਧਾਂਤਕ ਪ੍ਰਤੀਬੱਧਤਾ ਵੱਲ ਵੀ ਧਿਆਨ ਕੇਂਦਰਿਤ ਕਰ ਰਹੀ ਸੀ ਪਰ ਪਿਛਲੇ ਦਿਨੀਂ ਪਾਰਟੀ ਆਗੂ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਕੁਝ ਹੋਰ ਆਗੂਆਂ ਨੂੰ ਪੁਲਿਸ ਵਲੋਂ ਦਹਿਸ਼ਤਵਾਦੀ ਸਰਗਰਮੀਆਂ ਦੇ ਦੋਸ਼ ` ਗ੍ਰਿਫ਼ਤਾਰ ਕਰਨ ਨਾਲ ਇਸ ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੀਆਂ ਤਿਆਰੀਆਂ ਨੂੰ ਵੱਡਾ ਝਟਕਾ ਵੀ ਲੱਗਾ ਹੈ

ਦੂਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੈ, ਜਿਹੜੀ ਵੱਡੇ ਪੱਧਰ `ਤੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਸਰਗਰਮੀ ਦਿਖਾ ਰਹੀ ਹੈ ਸਿਮਰਨਜੀਤ ਸਿੰਘ ਮਾਨ ਦੀ ਇਹ ਪਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ `ਚ ਸ਼੍ਰੋਮਣੀ ਕਮੇਟੀ ਚੋਣਾਂ ਲਈ ਪੂਰੀ ਤਰ੍ਹਾਂ ਜੁਟੀ ਹੋਈ ਹੈ ਆਏ ਦਿਨ ਭਾਈ ਰਣਜੀਤ ਸਿੰਘ ਪੰਜਾਬ ਭਰ `ਚ ਮੀਟਿੰਗਾਂ ਕਰ ਰਹੇ  ਹਨ ਅਤੇ ਇਸ ਸਬੰਧੀ ਹੋਰਨਾਂ ਹਮਖਿਆਲੀ ਪਾਰਟੀਆਂ ਨਾਲ ਵੀ ਤਾਲਮੇਲ ਕਰ ਰਹੇ ਹਨ ਬੇਸ਼ੱਕ ਭਾਈ ਬਿੱਟੂੁ ਤੇ ਸਿਮਰਨਜੀਤ ਸਿੰਘ ਮਾਨ ਵਿਚਕਾਰ ਪਿਛਲੇ ਸਮੇਂ ਵੱਡੇ ਮਤਭੇਦ ਪੈਦਾ ਹੋਣ ਤੋਂ ਬਾਅਦ ਦੋਨਾਂ ਨੇ ਵੱਖੋ-ਵੱਖ ਪਾਰਟੀਆਂ ਬਣਾ ਲਈਆਂ ਸਨ, ਪਰ ਭਾਈ ਬਿੱਟੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਿਛਲੇ ਦਿਨੀਂ ਫ਼ਤਹਿਗੜ੍ਹ ਸਾਹਿਬ ਵਿਖੇ ਦੋਹਾਂ ਪਾਰਟੀਆਂ ਦੇ ਆਗੂ ਇਕ ਮੰਚ `ਤੇ ਇਕੱਠੇ ਹੋ ਕੇ ਭਾਈ ਰਣਜੀਤ ਸਿੰਘ ਦੀ ਅਗਵਾਈ ` ਸ਼੍ਰੋਮਣੀ ਕਮੇਟੀ ਚੋਣਾਂ ਲਈ ਇਕਜੁਟਤਾ ਦਿਖਾਉਂਦੇ ਨਜ਼ਰ ਆਏ ਇਸ ਦੌਰਾਨ ਹਰਿਆਣਾ ਦੇ ਵੱਖਰੀ ਕਮੇਟੀ ਦੇ ਮੁਦਈ ਸਿੱਖ ਆਗੂ ਵੀ ਇਸ ਮੰਚ `ਤੇ ਹਾਜ਼ਰ ਸਨ ਅਕਾਲੀ ਦਲ (1920) ਨੇ ਵੀ ਭਾਈ ਰਣਜੀਤ ਸਿੰਘ ਦੀ ਅਗਵਾਈ ਕਬੂਲਣ ਦਾ ਐਲਾਨ ਕਰ ਦਿੱਤਾ ਹੈ ਭਾਈ ਰਣਜੀਤ ਸਿੰਘ ਵਲੋਂ ਟਕਸਾਲੀ ਅਕਾਲੀ ਆਗੂ ਅਤੇ ਤਾਮਿਲਨਾਡੂ ਦੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਨਾਲ ਵੀ ਸ਼੍ਰੋਮਣੀ ਕਮੇਟੀ ਚੋਣਾਂ ਦੀ ਰਣਨੀਤਕ ਪੈਂਤੜਾਬਾਜੀ ਤਹਿਤ ਗੁਪਤ ਮੀਟਿੰਗਾਂ ਦੀਆਂ ਖ਼ਬਰਾਂ ਮਿਲੀਆਂ ਹਨ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਦਿੱਲੀ), ਅਕਾਲੀ ਦਲ 1920 ਅਤੇ ਅਕਾਲੀ ਦਲ ਲੌਂਗੋਵਾਲ, ਦਲ ਖ਼ਾਲਸਾ ਆਦਿ ਦਲ ਵੀ ਅਕਾਲੀ ਦਲ ਬਾਦਲ ਨੂੰ ਘੇਰਨ ਲਈ ਵਿਉਂਤਬੰਦੀਆਂ ਕਰ ਰਹੇ ਹਨ

ਪਿਛਲੀਆਂ ਸ਼੍ਰੋਮਣੀ ਕਮੇਟੀ ਚੋਣਾਂ `ਚ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਕਬਜ਼ਾ ਤੋੜਨ ਲਈ ਬਾਦਲ ਵਿਰੋਧੀ ਧਿਰਾਂ ਨੇ ਪੰਥਕ ਮੋਰਚਾ ਨਾਂ ਦਾ ਸਾਂਝਾ ਪਲੇਟਫ਼ਾਰਮ ਬਣਾਇਆ ਸੀ ਇਸ ਮੋਰਚੇ `ਚ ਮਾਨ ਦਲ, ਅਕਾਲੀ ਦਲ ਲੌਂਗੋਵਾਲ (ਟੌਹੜਾ ਧੜ੍ਹਾ), ਅਕਾਲੀ ਦਲ 1920, ਦਲ ਖ਼ਾਲਸਾ ਆਦਿ ਪਾਰਟੀਆਂ ਸ਼ਾਮਲ ਸਨ ਚੋਣਾਂ ਦੌਰਾਨ ਪੰਥਕ ਮੋਰਚਾ 43 ਪ੍ਰਤੀਸ਼ਤ ਵੋਟਾਂ ਲੈਣ ਵਿਚ ਸਫ਼ਲ ਰਿਹਾ ਸੀ ਬਾਦਲ ਦਲ ਦਾ ਸ਼੍ਰੋਮਣੀ ਕਮੇਟੀ ਤੋਂ ਕਬਜ਼ਾ ਤੋੜਨ `ਚ ਤਾਂ ਇਹ ਸਫ਼ਲ ਨਹੀਂ ਹੋ ਸਕਿਆ, ਪਰ ਇਹ ਪਹਿਲੀ ਵਾਰ ਸੀ ਜਦੋਂ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ `ਚ ਇਕ ਵਿਰੋਧੀ ਧਿਰ ਦੀ ਹੋਂਦ ਕਾਇਮ ਹੋਈ ਸ਼੍ਰੋਮਣੀ ਕਮੇਟੀ ਦੇ 170 ਮੈਂਬਰਾਂ ਵਿਚੋਂ 35 ਪੰਥਕ ਮੋਰਚੇ ਦੇ ਜਿੱਤੇ ਸਨ, ਜਿਨ੍ਹਾਂ ਵਿਚੋਂ ਬਾਅਦ ਵਿਚ ਦਰਜਨ ਦੇ ਲਗਭਗ ਬਾਦਲ ਦਲ ਵਿਚ ਸ਼ਾਮਲ ਹੋ ਗਏ ਹਰਿਆਣਾ ਵਿਚ ਵੀ ਬਾਦਲ ਦਲ ਨੂੰ ਵੱਡਾ ਖੋਰਾ ਲੱਗਾ, ਜਿਥੇ 11 ਮੈਂਬਰਾਂ `ਚੋਂ 7 ਮੈਂਬਰ ਵਿਰੋਧੀ ਧਿਰ ਦੇ ਬਣ ਗਏ ਵੋਟਾਂ ਦੇ ਜੋੜ-ਤੋੜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਕੁੱਲ 55 ਲੱਖ ਬਣੀ ਵੋਟ ਵਿਚੋਂ 23 ਲੱਖ ਪੋਲ ਹੋਈ ਸੀ ਪੋਲ ਹੋਈ ਵੋਟ `ਚੋਂ ਕਰੀਬ 43 ਫ਼ੀਸਦੀ ਵੋਟ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਪ੍ਰਾਪਤ ਹੋਈ ਸੀ ਪੰਥਕ ਮੋਰਚੇ ਨੇ 27 ਸੀਟਾਂ ਕੇਵਲ ਕਰੀਬ 200 ਵੋਟਾਂ ਦੇ ਫ਼ਰਕ ਨਾਲ ਹਾਰੀਆਂ ਸਨ। 10 ਦੇ ਕਰੀਬ ਸੀਟਾਂ 800 ਤੋਂ 1500 ਦੇ ਫ਼ਰਕ ਨਾਲ ਅਤੇ ਲਗਭਗ 15 ਸੀਟਾਂ 2200 ਵੋਟਾਂ ਦੇ ਫ਼ਰਕ ਨਾਲ ਹਾਰੀਆਂ ਸਨ

ਇਸ ਤੋਂ ਪਹਿਲਾਂ 1996 ਵਿਚ ਹੋਈਆਂ ਸ਼੍ਰੋਮਣੀ ਕਮੇਟੀ ਚੋਣਾਂ ਵੇਲੇ ਬਾਦਲ ਦਲ ਵਿਰੁੱਧ ਚੋਣਾਂ ਲੜਨ ਵਾਲਿਆਂ ਵਿਚ ਸਿਰਫ਼ ਮਾਨ ਦਲ ਦੀ ਹੀ ਹਾਜ਼ਰੀ ਹੁੰਦੀ ਸੀ ਉਸ ਵੇਲੇ ਤੱਕ ਸ਼੍ਰੋਮਣੀ ਕਮੇਟੀ `ਤੇ ਬਾਦਲ-ਟੌਹੜਾ ਦੀ ਅਗਵਾਈ `ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਪੂਰਾ ਕਬਜ਼ਾ ਸੀ ਅਤੇ ਜਥੇਦਾਰ ਟੌਹੜਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨੀ `ਤੇ ਪੱਕੀ ਅਜ਼ਾਰੇਦਾਰੀ ਸੀ 1996 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ `ਚ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਜਿੱਤ ਹੋਈ `ਤੇ ਜਥੇਦਾਰ ਟੌਹੜਾ ਫ਼ਿਰ ਪ੍ਰਧਾਨ ਬਣ ਗਏ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ `ਚ ਵਿਰੋਧੀ ਧਿਰ ਦੇ ਅੱਧੀ ਕੁ ਦਰਜਨ ਤੋਂ ਵੀ ਘੱਟ ਮੈਂਬਰ ਸਨ, ਜਿਹੜੇ ਮਾਨ ਦਲ ਦੇ ਸਨ। 1998 ਦੇ ਅਖ਼ੀਰ ਦੌਰਾਨ ਬਾਦਲ-ਟੌਹੜਾ ਮਤਭੇਦ ਪੈਦਾ ਹੋ ਗਏ ਅਤੇ ਭਾਈ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਲਾਹੁਣ ਕਾਰਨ 1999 ਦੀ ਵਿਸਾਖੀ ਤੱਕ ਇਹ ਮਤਭੇਦ ਕੱਟੜ ਸਿਆਸੀ ਦੁਸ਼ਮਣੀ ਵਿਚ ਬਦਲ ਗਏ ਜਥੇਦਾਰ ਟੌਹੜਾ ਨੇ ਵੱਖਰਾ ਸਰਬ ਹਿੰਦ ਅਕਾਲੀ ਦਲ ਬਣਾ ਲਿਆ।  ਜਥੇਦਾਰ ਟੌਹੜਾ ਦੇ ਸਰਬਹਿੰਦ ਅਕਾਲੀ ਦਲ ਨੇ 2001 ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਬਾਦਲ ਦਲ ਨੂੰ ਜਾ ਘੇਰਿਆ ਇਨ੍ਹਾਂ ਚੋਣਾਂ `ਚ ਸਰਬ ਹਿੰਦ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਪਹਿਲਾ ਸਿਆਸੀ ਝਟਕਾ ਦਿੱਤਾ ਬਾਦਲ ਦਲ ਦੇ ਅਵਤਾਰ ਸਿੰਘ ਹਿੱਤ ਦਾ ਦਿੱਲੀ ਕਮੇਟੀ ਤੋਂ ਗੜ੍ਹ ਤੋੜ ਦਿੱਤਾ ਤੇ ਪਰਮਜੀਤ ਸਿੰਘ ਸਰਨਾ ਦਿੱਲੀ ਕਮੇਟੀ ਦੇ ਪ੍ਰਧਾਨ ਬਣ ਗਏ ਇਸ ਤੋਂ ਬਾਅਦ ਲਗਾਤਾਰ ਦਿੱਲੀ ਕਮੇਟੀ `ਚ ਬਾਦਲ ਦਲ ਦੀ ਸਿਆਸੀ ਸਥਿਤੀ ਪਤਲੀ ਪੈਂਦੀ ਗਈ ਇਸ ਵੇਲੇ ਦਿੱਲੀ ਕਮੇਟੀ ਦੇ ਚੁਣੇ ਗਏ 46 ਮੈਂਬਰਾਂ `ਚੋਂ ਸਿਰਫ਼ 5-6 ਹੀ ਬਾਦਲ ਧੜ੍ਹੇ ਦੇ ਹਨ ਬਾਦਲ ਦਲ ਦੇ ਬਹੁਤੇ ਮੈਂਬਰ ਸਰਨਾ ਧੜ੍ਹੇ ਵਿਚ ਰਲਦੇ ਗਏ

2002 ਦੀਆਂ ਵਿਧਾਨ ਸਭਾ ਚੋਣਾਂ ਲਈ ਬਾਦਲ ਵਿਰੋਧੀ ਧੜ੍ਹਿਆਂ ਦੀ ਇਕ ਮਜ਼ਬੂਤ ਹੋਂਦ ਬਣ ਚੁੱਕੀ ਸੀ ਤੇ ਜਥੇਦਾਰ ਟੌਹੜਾ ਦੇ ਯਤਨਾਂ ਨਾਲ ਸੰਤ ਸਮਾਜ ਦੇ ਪ੍ਰਧਾਨ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ `ਚ ਸਾਰੀਆਂ ਬਾਦਲ ਵਿਰੋਧੀ ਧਿਰਾਂ ਨੇ ਪੰਥਕ ਮੋਰਚਾ ਬਣਾ ਲਿਆ ਕਿਉਂਕਿ ਬਾਦਲ ਵਿਰੋਧੀ ਧੜ੍ਹਿਆਂ ਕੋਲ ਇਕ ਤਾਂ ਆਰਥਿਕ ਸਾਧਨ ਸੀਮਤ ਸਨ ਅਤੇ ਦੂਜਾ ਇਕ ਸਰਬਪ੍ਰਵਾਨ ਆਗੂ ਦੀ ਘਾਟ ਸੀ ਬਾਬਾ ਬੇਦੀ ਇਨ੍ਹਾਂ ਧੜ੍ਹਿਆਂ ਦੀਆਂ ਦੋਵੇਂ ਲੋੜਾਂ ਪੂਰੀਆਂ ਕਰਦੇ ਸਨ ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰੂ ਪੰਜਾਬ ਦੀ ਸੱਤਾ ਤੋਂ ਬਾਹਰ ਕਰਨ `ਚ ਸਫ਼ਲ ਰਿਹਾ। 2003 ਵਿਚ ਜਥੇਦਾਰ ਟੌਹੜਾ ਦੀ ਬਾਦਲ ਨਾਲ ਸੁਲਾਹ-ਸਫਾਈ ਹੋਣ ਤੋਂ ਬਾਅਦ ਪੰਥਕ ਮੋਰਚਾ ਖੇਰੂੰ-ਖੇਰੂੰ ਹੋ ਗਿਆ ਪਰ ਅਪ੍ਰੈਲ 2004 ਦੀਆਂ ਲੋਕ ਸਭਾ ਚੋਣਾਂ ਦਰਮਿਆਨ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਪਹਿਲਾਂ ਜਥੇਦਾਰ ਟੌਹੜਾ ਦੀ ਮੌਤ ਹੋ ਗਈ ਅਤੇ ਜਥੇਦਾਰ ਟੌਹੜਾ ਦੇ ਸਮਰਥਕ ਵੱਡੀ ਗਿਣਤੀ `ਚ ਬਾਗੀ ਹੋ ਗਏ ਤੇ ਫ਼ਿਰ ਪੰਥਕ ਮੋਰਚੇ ਦੀ ਹੋਂਦ ਕਾਇਮ ਹੋ ਗਈ ਪੰਥਕ ਮੋਰਚੇ ਵਿਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ, ਦਲ ਖ਼ਾਲਸਾ, ਟੌਹੜਾ ਧੜ੍ਹੇ ਦੇ ਬਾਗੀ ਹੋਏ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਕਰਨੈਲ ਸਿੰਘ ਪੰਜੋਲੀ, ਬਲਦੇਵ ਸਿੰਘ ਮਾਨ, ਅਕਾਲੀ ਦਲ 1920 ਦੇ ਰਵੀਇੰਦਰ ਸਿੰਘ, ਭਾਈ ਜਸਬੀਰ ਸਿੰਘ ਰੋਡੇ, ਭਾਈ ਰਣਜੀਤ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ ਵਰਗੇ ਵੱਡੇ ਕੱਦਾਵਰ ਆਗੂ ਸ਼ਾਮਲ ਸਨ ਉਸ ਵੇਲੇ ਭਾਈ ਦਲਜੀਤ ਸਿੰਘ ਬਿੱਟੂ ਜੇਲ੍ਹ`ਚੋਂ ਬਰੀ ਨਹੀਂ ਹੋਏ ਸਨ, ਪਰ ਉਨ੍ਹਾਂ ਦੀ ਪਾਰਟੀ ਸ਼੍ਰ੍ਰੋਮਣੀ ਖ਼ਾਲਸਾ ਦਲ ਅਤੇ ਦਲ ਖ਼ਾਲਸਾ ਪੰਥਕ ਮੋਰਚੇ `ਚ ਸ਼ਾਮਲ ਤਾਂ ਸਨ, ਪਰ ਸੀਟਾਂ ਦੀ ਵੰਡ ਤੋਂ ਮਤਭੇਦਾਂ ਕਾਰਨ ਦੋਹਾਂ ਨੇ ਆਪਣੇ ਵੱਖੋ-ਵੱਖਰੇ ਉਮੀਦਵਾਰ ਖੜ੍ਹੇ ਕਰ ਲਏ ਸਨ ਉਸ ਵੇਲੇ ਪੰਥਕ ਮੋਰਚੇ ਦੀ ਅਸਫ਼ਲਤਾ ਦਾ ਇਕ ਕਾਰਨ ਇਹ ਵੀ ਸੀ ਕਿ ਚੋਣਾਂ ਦਾ ਇਕਦਮ ਐਲਾਨ ਹੋਣ ਕਾਰਨ ਉਸ ਨੂੰ ਤਿਆਰੀ ਲਈ ਸਮਾਂ ਘੱਟ ਮਿਲਿਆ ਸੀ ਤੇ ਦੂਜਾ ਵੱਡੀ ਪੱਧਰ `ਤੇ ਅਪਲਾਈ ਕੀਤੀਆਂ ਨਵੀਆਂ ਵੋਟਾਂ ਬਣ ਨਹੀਂ ਸਕੀਆਂ ਸਨ, ਜਿਹੜੀਆਂ ਪੰਥਕ ਮੋਰਚੇ ਦੀਆਂ ਸਮਝੀਆਂ ਜਾਂਦੀਆਂ ਸਨ

ਇਸ ਵਾਰ ਬੇਸ਼ੱਕ ਪੰਜਾਬ `ਚ ਗਰਮਖਿਆਲੀ ਧਿਰਾਂ ਅਤੇ ਹੋਰ ਪੰਥਕ ਦਲ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੱਡੇ ਪੱਧਰ `ਤੇ ਮਸ਼ਕਾਂ ਕਰ ਰਹੇ ਹਨ, ਪਰ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਦਿੱਲੀ ਦੇ ਸਰਨਾ ਧੜ੍ਹਾ ਅਤੇ ਤਾਮਿਲਨਾਡੂ ਦੇ ਰਾਜਪਾਲ ਤੇ ਬਜ਼ੁਰਗ ਅਕਾਲੀ ਆਗੂ ਸੁਰਜੀਤ ਸਿੰਘ ਬਰਨਾਲਾ ਵੱਲ ਉਤਸੁਕਤਾ ਨਾਲ ਦੇਖ ਰਹੀਆਂ ਹਨ ਕਿਉਂਕਿ ਸਮਝਿਆ ਜਾਂਦਾ ਹੈ ਕਿ ਸਰਨਾ ਧੜ੍ਹਾ ਹੀ ਹੈ ਜੋ ਆਰਥਿਕ ਪੱਖੋਂ ਸ਼੍ਰੋਮਣੀ ਕਮੇਟੀ `ਤੇ ਕਾਬਜ਼ ਧੜ੍ਹੇ ਨੂੰ ਮੁਕਾਬਲਾ ਦੇਣ ਦੀ ਸਮਰੱਥਾ ਰੱਖਦਾ ਹੈ ਇਕ ਤਾਂ ਸਰਨਾ ਧੜ੍ਹਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ `ਤੇ ਕਾਬਜ਼ ਹੈ, ਦੂਜਾ ਕਾਂਗਰਸ ਦਾ ਸਿਆਸੀ ਥਾਪੜਾ ਉਸ ਦੀ ਪਿੱਠ `ਤੇ ਹੈ ਸੁਰਜੀਤ ਸਿੰਘ ਬਰਨਾਲਾ ਨੂੰ ਸ਼੍ਰੋਮਣੀ ਕਮੇਟੀ ਚੋਣਾਂ `ਚ ਅੱਗੇ ਕਰਨ ਲਈ ਸਾਰੀਆਂ ਪੰਥਕ ਜਥੇਬੰਦੀਆਂ ਹੀ ਰੁੱਝੀਆਂ ਹੋਈਆਂ ਹਨ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਉਮਰ ਦੀ ਸਿਆਸੀ ਪ੍ਰੋੜਤਾ ਦੇ ਲਿਹਾਜ਼ ਨਾਲ ਅਤੇ ਲੋਕਾਂ ਦਾ ਵਿਸ਼ਵਾਸ ਪ੍ਰਾਪਤ ਕਰਨ `ਚ ਕੇਵਲ ਸੁਰਜੀਤ ਸਿੰਘ ਬਰਨਾਲਾ ਹੀ ਸਮਰੱਥ ਸਿਆਸੀ ਆਗੂ ਸਮਝੇ ਜਾ ਰਹੇ ਹਨ ਦੂਜਾ ਹੁਣੇ ਜਿਹੇ ਸ੍ਰੀ ਬਰਨਾਲਾ ਦੀ ਪਤਨੀ ਬੀਬੀ ਸੁਰਜੀਤ ਕੌਰ ਬਰਨਾਲਾ ਨੇ ਸ਼੍ਰੋਮਣੀ ਅਕਾਲੀ ਦਲ (ਲੋਂਗੋਵਾਲ) ਦਾ ਪੁਨਰਗਠਨ ਕੀਤਾ ਹੈ ਅਤੇ ਲੰਘੀਆਂ ਲੋਕ ਸਭਾ ਚੋਣਾਂ `ਚ ਜੇਕਰ ਬਾਦਲ ਦਲ ਨੂੰ ਕੋਈ ਝਟਕਾ ਦੇ ਸਕਿਆ ਹੈ ਤਾਂ ਉਹ ਬਰਨਾਲਾ ਧੜ੍ਹਾ ਹੈ ਸਿਮਰਨਜੀਤ ਸਿੰਘ ਮਾਨ ਦਾ ਸਰਨਾ ਧੜ੍ਹੇ ਨਾਲ ਗਠਜੋੜ ਹੋਣਾ ਵੈਸੇ ਸੰਭਵ ਨਹੀਂ ਜਾਪਦਾ, ਕਿਉਂਕਿ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਰਣਜੀਤ ਸਿੰਘ ਜਿੱਥੇ ਸਿਧਾਂਤਕ ਪ੍ਰਪੱਕਤਾ ਵਾਲੇ ਸੁਭਾਅ ਦੇ ਹਨ, ਉਥੇ ਸਰਨਾ ਧੜ੍ਹਾ ਸਿਆਸੀ ਲੜਾਈ ਲਈ ਲਚਕੀਲਾਪਣ ਦਿਖਾਉਣ ਦੀ ਤਸੀਰ ਰੱਖਦਾ ਹੈ ਤੇ ਉਸਦੇ ਨਿੱਜੀ ਵਕਾਰ `ਤੇ ਕਾਂਗਰਸ ਦੀ ਛਾਪ ਹਾਵੀ ਹੈ ਪਰ ਜੇਕਰ ਸੁਰਜੀਤ ਸਿੰਘ ਬਰਨਾਲਾ ਵਰਗੀ ਸਿਆਸੀ ਕੱਦਾਵਰ ਸ਼ਖ਼ਸੀਅਤ ਸ਼੍ਰੋਮਣੀ ਕਮੇਟੀ ਚੋਣਾਂ ਦੀ ਵਾਗਡੋਰ ਸੰਭਾਲ ਲੈਂਦੀ ਹੈ ਤਾਂ ਇਨ੍ਹਾਂ ਦੋਵਾਂ ਧਿਰਾਂ ਲਈ ਵੀ ਇਕ ਪਲੇਟਫ਼ਾਰਮ `ਤੇ ਇਕੱਠੇ ਹੋਣ ਦੇ ਆਸਾਰ ਬਣ ਸਕਦੇ ਹਨ ਇਸ ਤਰ੍ਹਾਂ ਜੇਕਰ ਸਾਰੀਆਂ ਧਿਰਾਂ ਇਕ ਸਾਂਝੀ ਸਿਧਾਂਤਕ ਰਣਨੀਤੀ ਬਣਾ ਕੇ ਸ਼੍ਰੋਮਣੀ ਕਮੇਟੀ ਚੋਣਾਂ `ਚ ਸਰਗਰਮੀ ਅਤੇ ਪ੍ਰਤੀਬੱਧਤਾ ਨਾਲ ਜੁੱਟਦੀਆਂ ਹਨ ਤਾਂ ਸ਼੍ਰੋਮਣੀ ਕਮੇਟੀ ਚੋਣਾਂ `ਚ ਸਿਆਸੀ ਤੌਰ `ਤੇ ਪ੍ਰਭਾਵੀ ਰੋਲ ਅਦਾ ਕਰ ਸਕਦੀਆਂ ਹਨ ਵੋਟਾਂ ਦੇ ਮਾਮਲੇ `ਚ ਜਿਵੇਂ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ `ਚ ਵੋਟ ਕੇਵਲ ਕੇਸਾਧਾਰੀ ਸਿੱਖ ਹੀ ਪਾ ਸਕਣਗੇ, ਇਸ ਨਾਲ ਵੀ ਬਾਦਲ ਵਿਰੋਧੀ ਧਿਰਾਂ ਨੂੰ ਵੱਡਾ ਬਲ ਮਿਲੇਗਾ ਅਤੇ ਵੋਟਾਂ `ਚ ਸਰਕਾਰੀ ਦਬਾਅ ਵੀ ਨਹੀਂ ਚੱਲ ਸਕੇਗਾ

 ਬਾਦਲ ਦਲ ਨੂੰ ਸਿਆਸੀ ਲੜਾਈ ਦੇਣ ਦੇ ਬਾਵਜੂਦ ਸਿਧਾਂਤਕ ਪ੍ਰਤੀਬੱਧਤਾ ਵਿਚ ਪੰਥਕ ਧਿਰਾਂ ਪ੍ਰਭਾਵੀ ਨਹੀਂ ਹੋ ਸਕੀਆਂ ਬਾਦਲ ਵਿਰੋਧੀ ਧੜ੍ਹਿਆਂ `ਚੋਂ ਬਹੁਤਿਆਂ ਦਾ ਆਪਣਾ ਪੱਲੂ ਸਿਆਸੀ ਸਵਾਰਥਾਂ, ਭ੍ਰਿਸ਼ਟਾਚਾਰ ਅਤੇ ਅਨੈਤਿਕਤਾ ਤੋਂ ਵੀ ਪੂਰੀ ਤਰ੍ਹਾਂ ਪਾਕ ਨਹੀਂ ਹੈ ਬਾਦਲ ਦਲ `ਤੇ ਇਹ ਦੋਸ਼ ਲੱਗਦੇ ਹਨ ਕਿ ਉਹ ਗੁਰੂ-ਘਰਾਂ ਦਾ ਪੈਸਾ ਸਿਆਸੀ ਸਵਾਰਥਾਂ ਲਈ ਵਰਤ ਰਿਹਾ ਹੈ, ਇਸਦੇ ਸ਼੍ਰੋਮਣੀ ਕਮੇਟੀ ਮੈਂਬਰ ਚਰਿੱਤਰਹੀਣ ਅਤੇ ਅਨੈਤਿਕਤਾ `ਚ ਗ੍ਰਸਤ ਹਨ, ਸ਼੍ਰੋਮਣੀ ਕਮੇਟੀ `ਤੇ ਕਾਬਜ਼ ਹੋਣ ਲਈ ਬਾਦਲ ਦਲ ਵਲੋਂ ਨਸ਼ਿਆਂ ਅਤੇ ਹੋਰ ਸਿੱਖੀ ਪ੍ਰੰਪਰਾਵਾਂ ਦਾ ਘਾਣ ਕਰਨ ਵਾਲੇ ਸਾਧਨਾਂ ਦੀ ਸਹਾਇਤਾ ਲਈ ਜਾਂਦੀ ਹੈ ਜਾਂ ਬਾਦਲ ਵਲੋਂ ਸਿਆਸੀ ਹਿੱਤਾਂ ਲਈ ਸਿੱਖੀ ਪ੍ਰੰਪਰਾਵਾਂ ਤੇ ਮਰਿਆਦਾ ਨੂੰ ਢਾਹ ਲਗਾਈ ਜਾ ਰਹੀ ਹੈ ਵੱਡੀ ਗਿਣਤੀ ਵਿਚ ਆਮ ਸਿੱਖਾਂ ਦੀ ਵੀ ਇਹੀ ਧਾਰਨਾ ਹੈ ਕਿ ਸ਼੍ਰੋਮਣੀ ਕਮੇਟੀ `ਤੇ ਕਾਬਜ਼ ਨਿਜ਼ਾਮ ਵਿਚ ਸਿਆਸਤ ਭਾਰੂ ਹੋਣ ਕਰਕੇ ਸਿੱਖੀ ਪ੍ਰੰਪਰਾਵਾਂ ਨੂੰ ਵੱਡੀ ਢਾਹ ਲੱਗ ਰਹੀ ਹੈ ਲੋਕ ਵੀ ਸ਼੍ਰੋਮਣੀ ਕਮੇਟੀ `ਤੇ ਸਾਫ਼ ਸੁਥਰਾ ਨਿਜ਼ਾਮੀ ਬਦਲ ਚਾਹੁੰਦੇ ਹਨ ਪਰ ਬਾਦਲ ਵਿਰੋਧੀ ਸਾਰੀਆਂ ਪੰਥਕ ਧਿਰਾਂ ਦੀ ਇਕ ਸਾਂਝੀ ਕਮਜ਼ੋਰੀ ਹੈ ਕਿ ਉਹ ਉਚੇ-ਸੁੱਚੇ ਸਿੱਖੀ ਇਖਲਾਕ `ਚ ਪ੍ਰਪੱਕ ਅਤੇ ਚਰਿੱਤਰਵਾਨ ਲੀਡਰਸ਼ਿਪ ਨਹੀਂ ਪੈਦਾ ਕਰ ਸਕੇ ਉਹ ਜਿਹੜੇ ਦੋਸ਼ ਬਾਦਲ ਦਲ `ਤੇ ਲਗਾਉਂਦੇ ਹਨ, ਉਨ੍ਹਾਂ ਦੇ ਬਹੁਤ ਸਾਰੇ ਆਪਣੇ ਆਗੂ ਤੇ ਵਰਕਰਾਂ ਵਿਚ ਵੀ ਅਜਿਹੀਆਂ ਕਮਜ਼ੋਰੀਆਂ ਪਾਈਆਂ ਜਾਂਦੀਆਂ ਹਨ ਇਹ ਆਗੂ ਸਿੱਖਾਂ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਸਮਰੱਥਾ ਨਹੀਂ ਦਿਖਾ ਸਕੇ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਸਾਫ਼-ਸੁਥਰਾ ਨਿਜ਼ਾਮੀ ਬਦਲ ਦੇ ਸਕਦੇ ਹਨ ਸ਼੍ਰੋਮਣੀ ਕਮੇਟੀ ਚੋਣਾਂ ਜਿੱਤਣ ਲਈ ਜਿਹੜੇ ਸਿਆਸੀ ਹਥਕੰਡੇ ਵਰਤਣ ਦਾ ਬਾਦਲ ਦਲ `ਤੇ ਦੋਸ਼ ਲਗਾਇਆ ਜਾਂਦਾ ਹੈ, ਸਿਧਾਂਤਾਂ ਦੀ ਲੜਾਈ ਦੇ ਮੁਦਈ ਖੁਦ ਵੀ ਚੋਣਾਂ ਦੇ ਸਿਆਸੀ ਪਿੜ ਵਿਚ ਸਿਧਾਂਤਾਂ ਦਾ ਪੱਲਾ ਛੱਡ ਜਾਂਦੇ ਹਨ ਚੋਣਾਂ ਜਿੱਤਣ ਲਈ ਬਾਦਲ ਵਿਰੋਧੀ ਧਿਰਾਂ ਵਲੋਂ ਵੀ ਵੱਡੀ ਪੱਧਰ `ਤੇ ਨਸ਼ੇ ਦੀ ਵਰਤੋਂ ਸਾਹਮਣੇ ਆਉਂਦੀ ਰਹੀ ਹੈ

ਕਿਸੇ ਵੇਲੇ ਵਿਰੋਧੀ ਧਿਰ `ਚ ਖੜ੍ਹੇ ਹੋ ਕੇ ਬਾਦਲ ਦਲ ਵਿਰੁੱਧ ਗੁਰੂ ਘਰਾਂ ਦੀਆਂ ਗੋਲਕਾਂ ਲੁੱਟਣ, ਸਿੱਖੀ ਮਰਿਆਦਾ ਅਤੇ ਪ੍ਰੰਪਰਾਵਾਂ ਦਾ ਘਾਣ ਕਰਨ ਦੇ ਦੋਸ਼ ਲਾਉਣ ਵਾਲੇ ਆਗੂ ਸਮਾਂ ਆਉਣ `ਤੇ ਸਿਆਸੀ ਸਵਾਰਥਾਂ ਲਈ ਖੁਦ ਬਾਦਲ ਦਲ `ਚ ਘਿਓ-ਖਿਚੜੀ ਹੁੰਦੇ ਦੇਖੇ ਜਾਂਦੇ ਹਨ ਪਿਛਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵੇਲੇ ਪ੍ਰੇਮ ਸਿੰਘ ਚੰਦੂਮਾਜਰਾ, ਕਰਨੈਲ ਸਿੰਘ ਪੰਜੋਲੀ ਵਰਗੇ ਪੰਥਕ ਮੋਰਚੇ ਦੇ ਮੋਹਰੀ ਆਗੂਆਂ `ਚ ਖੜ੍ਹ ਕੇ ਬਾਦਲ ਨੂੰ ਗੋਲਕ ਚੋਰ ਅਤੇ ਸਿੱਖੀ ਸਿਧਾਂਤਾਂ ਦੇ ਪ੍ਰੰਪਰਾਵਾਂ ਦਾ ਕਾਤਲ ਦੱਸਣ ਵਾਲੇ ਖੁਦ ਹੁਣ ਬਾਦਲ ਦੀ ਛਤਰ-ਛਾਇਆ ਹੇਠ ਆਨੰਦ ਮਾਣ ਰਹੇ ਹਨ ਜਥੇਦਾਰ ਟੌਹੜਾ ਵਰਗੇ ਸ਼ਾਹਸਵਾਰ ਸਿੱਖ ਆਗੂ ਦੀ ਗੱਲ ਕਰੀਏ ਤਾਂ ਉਨ੍ਹਾਂ ਵੀ ਪੰਥਕ ਮੋਰਚੇ ਦਾ ਗਠਨ ਕਰਕੇ ਜਿਥੇ ਬਾਦਲ ਨੂੰ ਸਿੱਖੀ ਪ੍ਰੰਪਰਾਵਾਂ ਦਾ ਘਾਣ ਕਰਨ ਵਾਲੀ ਅਮਰਵੇਲ ਕਰਾਰ ਦਿੱਤਾ ਸੀ, ਉਥੇ ਉਨ੍ਹਾਂ 2003 ਵਿਚ ਸਿਆਸੀ ਸਮਝੌਤੇ ਤੋਂ ਬਾਅਦ ਬਾਦਲ ਨਾਲ ਜੱਫ਼ੀਆਂ ਵੀ ਪਾ ਲਈਆਂ ਸਨ  ਇਸੇ ਕਾਰਨ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਵਿਰੋਧੀ ਧਿਰ ਸਿੱਖਾਂ ਵਿਚ ਆਪਣੀ ਭਰੋਸੇਯੋਗਤਾ ਕਾਇਮ ਨਹੀਂ ਕਰ ਸਕੀ ਇਹੀ ਕਾਰਨ ਹੈ ਕਿ ਹੁਣ ਤੱਕ ਵੱਡੀ ਸਿਆਸੀ ਲੜਾਈ ਦੇ ਬਾਵਜੂਦ ਬਾਦਲ ਦਲ ਨੂੰ ਸ਼੍ਰੋਮਣੀ ਕਮੇਟੀ ਦੀ ਸੱਤਾ ਤੋਂ ਬਾਹਰ ਨਹੀਂ ਕੀਤਾ ਜਾ ਸਕਿਆ ਇਸ ਵਾਰ ਦੇਖਣਾ ਹੋਵੇਗਾ ਕਿ ਬਾਦਲ ਵਿਰੋਧੀ ਧਿਰਾਂ ਐਸਜੀਪੀਸੀ ਚੋਣਾਂ ਦੇ ਇਤਿਹਾਸ ਵਿਚ ਨਵਾਂ ਪੰਨਾ ਦਰਜ ਕਰਦੀਆਂ ਹਨ ਜਾਂ ਫ਼ਿਰ ਰਵਾਇਤ ਅਨੁਸਾਰ ਗੋਲਕਾਂ ਦੀ ਕੁੰਜੀ ਫ਼ਿਰ ਤੋਂ ਬਾਦਲ ਕੋਲ ਹੀ ਰਹੇਗੀ

 

ਇਸ ਵਾਰ ਵੋਟ ਕੇਵਲ ਸਾਬਤ ਸੂਰਤ ਕੇਸਾਧਾਰੀ ਸਿੱਖ ਹੀ ਪਾ ਸਕਣਗੇ

ਭਾਰਤ ਸਰਕਾਰ ਵਲੋਂ ਨਵੇਂ ਨਿਯੁਕਤ ਕੀਤੇ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਜਸਟਿਸ ਜੇ.ਸੀ. ਵਰਮਾ ਨੇ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮਿਆਦ ਖ਼ਤਮ ਹੋਣ ਦੇ ਬਾਵਜੂਦ ਚੋਣਾਂ ਸਬੰਧੀ ਬਣੀ ਅਨਿਸ਼ਚਿਤਤਾ ਨੂੰ ਖ਼ਤਮ ਕਰਦਿਆਂ ਗਾਰੰਟੀ ਨਾਲ ਕਿਹਾ ਹੈ ਕਿ ਅਗਲੇ 6 ਮਹੀਨਿਆਂ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਪੂਰੀ ਤਰ੍ਹਾਂ ਨਿਰਪੱਖਤਾ ਤੇ ਸੁੰਤਤਰ ਤੌਰ `ਤੇ ਕਰਵਾ ਲਈਆਂ ਜਾਣਗੀਆਂ ਉਨ੍ਹਾਂ ਦਾ ਕਹਿਣਾ ਸੀ ਕਿ 170 ਸੀਟਾਂ ਦੀਆਂ ਚੋਣਾਂ ਲਈ ਲਗਭਗ 80 ਲੱਖ ਫ਼ਾਰਮ ਸਰਕਾਰੀ ਪ੍ਰਿੰਟਿੰਗ ਪ੍ਰੈਸ ਪਟਿਆਲਾ ਤੋਂ ਛਪਣੇੇ ਸ਼ੁਰੂ ਹੋ ਗਏ ਹਨ ਇਹ ਫ਼ਾਰਮ ਪੰਜਾਬ ਵਿਚ ਕੇਵਲ ਪੰਜਾਬੀ ਵਿਚ ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚ ਪੰਜਾਬ ਦੇ ਨਾਲ-ਨਾਲ ਪਿਛਲੇ ਪਾਸਿਓਂ ਹਿੰਦੀ ਵਿਚ ਵੀ ਛਪਵਾਏ ਜਾਣਗੇ ਜਸਟਿਸ ਜੇ.ਸੀ. ਵਰਮਾ ਨੇ ਅਹਿਮ ਖੁਲਾਸਾ ਕੀਤਾ ਕਿ ਵੋਟਰ ਕੇਵਲ ਕੇਸਾਧਾਰੀ ਸਿੱਖ ਹੀ ਬਣ ਸਕੇਗਾ ਵੋਟਾਂ ਬਣਾਉਣ ਦਾ ਕੰਮ ਪਿੰਡ ਵਿਚ ਪਟਵਾਰੀ ਤੇ ਸ਼ਹਿਰਾਂ ਵਿਚ ਸਬੰਧਤ ਡਿਪਟੀ ਕਮਿਸ਼ਨਰਾਂ ਵਲੋਂ ਤਾਇਨਾਤ ਕੀਤੇ ਸਰਕਾਰੀ ਜਾਂ ਨੀਮ ਸਰਕਾਰੀ ਮੁਲਾਜ਼ਮ ਕਰਨਗੇ ਜਸਟਿਸ ਜੇ.ਸੀ.ਵਰਮਾ ਨੇ ਉਨ੍ਹਾਂ ਦੀ ਨਿਯੁਕਤੀ `ਤੇ ਗੈਰ-ਸਿੱਖ ਹੋਣ ਦਾ ਦੋਸ਼ ਲਗਾ ਕੇ ਕੀਤੇ ਜਾ ਰਹੇ ਇਤਰਾਜ਼ ਸਬੰਧੀ ਕਿਹਾ ਕਿ ‘‘ਮੈਂ ਤੇ ਮੇਰਾ ਪਰਿਵਾਰ ਜੜ੍ਹਾਂ ਤੋਂ ਸਿੱਖੀ ਨਾਲ ਜੁੜਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁਰਾਣਾ ਪਿੰਡ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਮੀਆਂਵਾਲੀ ਵਿਚ ਹੈ ਤੇ ਉਨ੍ਹਾਂ ਦੇ ਪਿਤਾ ਖਿਲੂ ਰਾਮ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਸਨ ਉਨ੍ਹਾਂ ਕਿਹਾ ਕਿ ਇਹ ਕਹਿਣਾ ਠੀਕ ਨਹੀਂ ਹੈ ਕਿ ਉਹ ਸਿੱਖ ਸਭਿਆਚਾਰ ਤੇ ਪੁਰਾਤਨ ਰਵਾਇਤਾਂ ਤੋਂ ਅਣਜਾਣ ਹਨ

 

 

 

 

ਬਾਦਲ ਵਿਰੋਧੀ ਸਾਰੇ ਧੜ੍ਹਿਆਂ ਦੀ ਦਿਲਚਸਪੀ ਬਰਨਾਲਾ ਨੂੰ ਸਰਗਰਮ ਕਰਨ `

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬਾਦਲ ਵਿਰੋਧੀ ਧਿਰਾਂ ਵਲੋਂ ਵੱਡੀ ਪੱਧਰ `ਤੇ ਸਫ਼ਬੰਦੀਆਂ ਸ਼ੁਰੂ ਹੋ ਗਈਆਂ ਹਨ ਇਸੇ ਤਹਿਤ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਤਾਮਿਲਨਾਡੂ ਦੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਨਾਲ ਉਨ੍ਹਾਂ ਦੀ ਰਿਹਾਇਸ਼ `ਤੇ ਇਕ ਅਤਿ ਗੁਪਤ ਤੇ ਮਹੱਤਵਪੂਰਨ ਮੀਟਿੰਗ ਕੀਤੀ ਹੈ ਇਸ ਮੀਟਿੰਗ ਨੇ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਪੰਥਕ ਹਲਕਿਆਂ `ਚ ਝਰਨਾਹਟ ਛੇੜ ਦਿੱਤੀ ਹੈ

ਭਾਈ ਰਣਜੀਤ ਸਿੰਘ ਪਿਛਲੇ ਦਿਨੀਂ ਬੁੱਧਵਾਰ ਦੀ ਦੇਰ ਰਾਤ ਨੂੰ ਬਰਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਇਕ ਆਗੂ ਨੂੰ ਨਾਲ ਲੈ ਕੇ ਸੁਰਜੀਤ ਸਿੰਘ ਬਰਨਾਲਾ ਦੇ ਗ੍ਰਹਿ ਪਹੁੰਚੇ ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੀ ਪ੍ਰਧਾਨ ਅਤੇ ਸਰਦਾਰ ਬਰਨਾਲਾ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਬਰਨਾਲਾ ਵੀ ਹਾਜ਼ਰ ਸਨ ਭਰੋਸੇਯੋਗ ਸੂਤਰਾਂ ਨੇ ਦੱਸਿਆ ਹੈ ਕਿ ਭਾਈ ਰਣਜੀਤ ਸਿੰਘ ਨੇ ਸਰਦਾਰ ਬਰਨਾਲਾ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਸਾਰੀਆਂ ਪੰਥਕ ਧਿਰਾਂ ਦੀ ਅਗਵਾਈ ਦੀ ਬੇਨਤੀ ਕੀਤੀ ਸੀ ਇਹ ਤਾਂ ਭਾਵੇਂ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਕਿ ਸਰਦਾਰ ਬਰਨਾਲਾ ਨੇ ਕੀ ਹੁੰਗਾਰਾ ਭਰਿਆ ਹੈ, ਪਰ ਸਿਆਸੀ ਹਲਕਿਆਂ ਵਿਚ ਹਲਚਲ ਪੈਦਾ ਹੋ ਗਈ ਹੈ ਕਿ ਜੇਕਰ ਸਰਦਾਰ ਬਰਨਾਲਾ ਇਸ ਵਾਰ ਸ਼੍ਰੋਮਣੀ ਕਮੇਟੀ ਚੋਣਾਂ `ਚ ਬਾਦਲ ਵਿਰੋਧੀ ਧਿਰਾਂ ਦੀ ਅਗਵਾਈ ਕਰਦੇ ਹਨ ਤਾਂ ਉਹ ਸਿਆਸੀ ਪ੍ਰੋੜਤਾ ਅਤੇ ਕੱਦਾਵਰ ਟਕਸਾਲੀ ਆਗੂ ਵਜੋਂ ਲੋਕਾਂ `ਚ ਪ੍ਰਵਾਨ ਚੜ੍ਹ ਸਕਦੇ ਹਨ ਇਸ ਤੋਂ ਪਹਿਲਾਂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਅਹਿਮ ਰਣਨੀਤੀਕ ਫ਼ੈਸਲਾ ਕਰਦਿਆਂ ਭਾਈ ਰਣਜੀਤ ਸਿੰਘ ਦੀ ਅਗਵਾਈ ਕਬੂਲਦਿਆਂ ਬਿਨ੍ਹਾਂ ਸ਼ਰਤ ਸ਼੍ਰੋਮਣੀ ਕਮੇਟੀ ਚੋਣਾਂ `ਚ ਕਿਸੇ ਵੀ ਦਲ ਨਾਲ ਗਠਜੋੜ ਦਾ ਐਲਾਨ ਕਰ ਦਿੱਤਾ ਸੀ, ਜਦੋਂ ਕਿ ਭਾਈ ਰਣਜੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਚੋਣਾਂ ਦੀ ਸਫ਼ਬੰਦੀ ਲਈ ਅਗਵਾਈ ਸੌਂਪੀ ਹੈ ਅਕਾਲੀ ਦਲ (1920) ਨੇ ਵੀ ਭਾਈ ਰਣਜੀਤ ਸਿੰਘ ਦੀ ਅਗਵਾਈ ਕਬੂਲਣ ਦਾ ਫ਼ੈਸਲਾ ਕੀਤਾ ਹੈ

ਇਕ ਅਹਿਮ ਕੜੀ ਹੋਰ ਵੀ ਜੁੜਦੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੀ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸੁਰਜੀਤ ਸਿੰਘ ਬਰਨਾਲਾ ਨੂੰ ਸਰਗਰਮ ਕਰਨ `ਚ ਦਿਲਚਸਪੀ ਰੱਖਦੇ ਹਨ ਜੇਕਰ ਸਰਦਾਰ ਬਰਨਾਲਾ ਵਾਕਈ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਰਗਰਮ ਹੋ ਕੇ ਕੁੱਦ ਜਾਂਦੇ ਹਨ ਤਾਂ ਸਰਨਾ ਧੜ੍ਹੇ ਅਤੇ ਮਾਨ ਦਲ ਦੇ ਵੀ ਇਕ ਪਲੇਟਫ਼ਾਰਮ `ਤੇ ਇਕੱਠੇ ਹੋਣ ਦੇ ਆਸਾਰ ਬਣ ਸਕਦੇ ਹਨ, ਜਦੋਂਕਿ ਮਾਨ ਦਲ ਅਤੇ ਸਰਨਾ ਧੜ੍ਹੇ ਦੀ ਸਿਧਾਂਤਕ ਵਿਚਾਰਧਾਰਾ ਇਕ-ਦੂਜੇ ਦੇ ਬਿਲਕੁਲ ਉਲਟ ਹੈ

 

 

 

 

ਬਾਦਲ ਸਰਕਾਰ ਪੰਥਕ ਧਿਰਾਂ ਦੇ ਵਿੱਤੀ ਫਾਊਂਡਰਾਂ ਨੂੰ ਵੀ ਲਪੇਟਣ ਦੀ ਤਾਕ `

ਪਿਛਲੇ ਕੁਝ ਹੀ ਮਹੀਨਿਆਂ ਦੌਰਾਨ ਇਕਦਮ ਪੰਜਾਬ `ਚ ਮੁੜ ਖਾੜਕੂਵਾਦ ਦੇ ਮੁੜ ਉਭਰਨ ਵਰਗੇ ਹਾਲਾਤ ਦਿਸਦੇ ਨਜ਼ਰ ਆ ਰਹੇ ਹਨ ਡੇਰਾ ਪ੍ਰੇਮੀ ਲਿੱਲੀ ਕੁਮਾਰ ਦੀ ਹੱਤਿਆ, ਰਾਸ਼ਟਰੀ ਸਿੱਖ ਸੰਗਤ ਦੇ ਪੰਜਾਬ ਮੁਖੀ ਰੁਲਦਾ ਸਿੰਘ ਦੀ ਹੱਤਿਆ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਦੀ ਖਾੜਕੂ ਗਤੀਵਿਧੀਆਂ ਦੇ ਦੋਸ਼ `ਚ ਗ੍ਰਿਫ਼ਤਾਰੀ ਇਹ ਸਭ ਕੁਝ ਤੋਂ ਲੋਕਾਂ ਨੂੰ ਅਜਿਹਾ ਨਜ਼ਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖ਼ਤਰਾ ਹੈ ਪਰ ਦੂਜਾ ਪੱਖ ਇਹ ਵੀ ਹੈ ਕਿ ਗਰਮ ਖਿਆਲੀ ਜਾਂ ਫ਼ਿਰ ਬਾਦਲ ਵਿਰੋਧੀ ਪੰਥਕ ਧਿਰਾਂ ਕਹਿ ਰਹੀਆਂ ਹਨ ਕਿ ਇਹ ਸਭ ਕੁਝ ਪ੍ਰਕਾਸ਼ ਸਿੰਘ ਬਾਦਲ ਵਲੋਂ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ `ਚ ਗੋਲਕ ਤੋਂ ਕਬਜ਼ਾ ਖੁੱਸਣ ਦੇ ਡਰੋਂ ਸਿਆਸੀ ਰਣਨੀਤੀ ਵਜੋਂ ਕੀਤਾ ਜਾ ਰਿਹਾ ਹੈ ਭਾਈ ਬਿੱਟੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਵਿਚਲੀਆਂ ਸਿੱਖ ਜਥੇਬੰਦੀਆਂ ਨੂੰ ਵਿਦੇਸ਼ਾਂ ਤੋਂ ਆਰਥਿਕ ਸਹਾਇਤਾ ਦਾ ਮੁੱਦਾ ਵੀ ਗਰਮਾ ਉਠਿਆ ਕੁਝ ਦਿਨ ਪਹਿਲਾਂ ਹੀ ਖ਼ਬਰ ਆਈ ਕਿ ਵਿਦੇਸ਼ਾਂ ਤੋਂ ਸਿੱਖ ਜਥੇਬੰਦੀਆਂ ਨੂੰ ਪੈਸਾ ਭੇਜਣ ਵਾਲੇ ਫਾਊਂਡਰਾਂ ਜਾਂ ਜਥੇਬੰਦੀਆਂ ਵਿਰੁੱਧ ਪੰਜਾਬ ਪੁਲਿਸ ਕਾਨੂੰਨੀ ਸ਼ਿਕੰਜਾ ਕੱਸਣ ਜਾ ਰਹੀ ਹੈ ਵੈਸੇ ਦੇਖਿਆ ਜਾਵੇ ਤਾਂ ਭਾਈ ਦਲਜੀਤ ਸਿੰਘ ਬਿੱਟੂ ਦੇ ਕੇਸ `ਚ ਜਿਹੜਾ ਪੈਸਾ ਵਿਦੇਸ਼ਾਂ ਤੋਂ ਭੇਜਣ ਦਾ ਮੁੱਦਾ ਉੱਠਿਆ ਹੈ, ਸਾਰਾ ਪੈਸਾ ਵੈਸਟਰਨ ਯੂਨੀਅਨ ਜਾਂ ਫ਼ਿਰ ਬੈਂਕਾਂ ਰਾਹੀਂ ਕਾਨੂੰਨੀ ਤਰੀਕਿਆਂ ਨਾਲ ਹੀ ਭੇਜਿਆ ਗਿਆ ਹੈ ਹੁਣ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਇਹ ਪੈਸਾ ਪੰਜਾਬ `ਚ ਅੱਤਵਾਦੀ ਸਰਗਰਮੀਆਂ ਨੂੰ ਹੱਲਾਸ਼ੇਰੀ ਦੇਣ ਲਈ ਹੀ ਭੇਜਿਆ ਜਾਂਦਾ ਸੀ ਸਿੱਕੇ ਦਾ ਦੂਜਾ ਪਾਸਾ ਇਹ ਕਹਿੰਦਾ ਹੈ ਕਿ ਪੰਜਾਬ ਸਰਕਾਰ ਨੇ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਪੈਂਤੜਾਬਾਜੀ ਤਹਿਤ ਹੀ ਵਿਦੇਸ਼ਾਂ ਦੇ ਸਿੱਖਾਂ ਜਾਂ ਫਾਊਂਡਰਾਂ `ਤੇ ਕਾਨੂੰਨੀ ਸ਼ਿਕੰਜੇ ਦਾ ਡਰਾਵਾ ਦਿੱਤਾ ਹੈ ਬਾਦਲ ਵਿਰੋਧੀ ਧਿਰਾਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਬਾਦਲ ਦਲ ਤੋਂ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਛੁਡਾਉਣ ਲਈ ਪੰਥਕ ਧਿਰਾਂ ਨੂੰ ਸਭ ਤੋਂ ਵੱਡੀ ਲੋੜ ਆਰਥਿਕ ਸਹਾਇਤਾ ਦੀ ਹੈ, ਜਦੋਂਕਿ ਬਾਦਲ ਦਲ ਕੋਲ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਹੋਣ ਦੇ ਨਾਲ-ਨਾਲ ਪੰਜਾਬ ਦੀ ਸੱਤਾ ਵੀ ਹੈ ਤੇ ਇਸਦੇ ਨਾਲ ਹੀ ਆਰਥਿਕ ਤੋਟ ਦਾ ਉਸ ਲਈ ਸਵਾਲ ਹੀ ਪੈਦਾ ਨਹੀਂ ਹੁੰਦਾ ਬਾਦਲ ਵਿਰੋਧੀ ਧਿਰਾਂ ਚੋਣਾਂ `ਚ ਪੈਸੇ ਪੱਖੋਂ ਮੁਕਾਬਲਾ ਕਰਨ ਲਈ ਵੀ ਵੱਡੀਆਂ ਤਿਆਰੀਆਂ ਵਿਚ ਹਨ ਬਾਦਲ ਵਿਰੋਧੀ ਧਿਰਾਂ ਕੋਲ ਪੈਸੇ ਦੇ ਦੋ ਹੀ ਵਸੀਲੇ ਹਨ, ਪਹਿਲਾ ਵਾਇਆ ਸਰਨਾ ਕਾਂਗਰਸ ਪਾਰਟੀ ਅਤੇ ਦੂਜਾ ਵਿਦੇਸ਼ਾਂ `ਚ ਬੈਠੇ ਗਰਮ ਖਿਆਲੀ ਸਿੱਖਾਂ ਦੀਆਂ ਜਥੇਬੰਦੀਆਂ ਕਾਂਗਰਸ ਦੇ ਵਸੀਲੇ ਨੂੰ ਬਹੁਤਾ ਜ਼ਿਆਦਾ ਭਰੋਸੇਯੋਗ ਨਹੀਂ ਸਮਝਿਆ ਜਾ ਰਿਹਾ ਅਤੇ ਬਾਦਲ ਦਲ ਦਾ ਵਿਦੇਸ਼ਾਂ ਤੋਂ ਆਪਣੇ ਵਿਰੋਧੀ ਪੰਥਕ ਗੁਟਾਂ ਨੂੰ ਮਿਲਣ ਵਾਲਾ ਆਰਥਿਕ ਬਲ ਵੱਡੀ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ ਸਮਝਿਆ ਜਾਂਦਾ ਹੈ ਕਿ ਜੇਕਰ ਵਿਦੇਸ਼ਾਂ ਵਿਚ ਪੰਥਕ ਧਿਰਾਂ ਦੇ ਵਿੱਤੀ ਸਪੋਰਟਰ ਤੇ ਫਾਊਂਡਰ ਨਿਰਉਤਸ਼ਾਹਿਤ ਹੋ ਜਾਣਗੇ ਤਾਂ ਬਾਦਲ ਦਲ ਲਈ ਵੱਡੀ ਸਿਰਦਰਦੀ ਟਲ ਸਕਦੀ ਹੈ ਹੁਣ ਅਸਲ ਮਾਜਰਾ ਕੀ ਹੈ ਇਸ ਸਵਾਲ ਦਾ ਜੁਆਬ ਤਾਂ ਸਮੇਂ ਦੇ ਗਰਭ ਵਿਚ ਲੁਕਿਆ ਹੋਇਆ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਬਾਦਲ ਵਿਰੋਧੀ ਪੰਥਕ ਧਿਰਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਲਈ ਵਿਦੇਸ਼ਾਂ ਤੋਂ ਵਿੱਤੀ ਸਹਾਇਤਾ ਮਿਲ ਸਕੇਗੀ ਜਾਂ ਨਹੀਂ

 

 

 

 

ਇਕ ਸਵਾਲ : ਲੋਕ ਤੁਹਾਨੂੰ ਵੋਟਾਂ ਕਿਉਂ ਪਾਉਣ?
ਸੰਗਤ ਕਾਬਜ਼ ਨਿਜ਼ਾਮ ਤੋਂ ਛੁਟਕਾਰਾ ਚਾਹੁੰਦੀ  ਹੈ : ਭਾਈ ਰਣਜੀਤ ਸਿੰਘ

‘‘ਗੁਰੂ ਸਾਹਿਬਾਨ ਨੇ 250 ਪਹਿਲਾਂ ਸਿੱਖ ਕੌਮ ਨੂੰ ਜਿਹੜਾ ਪੰਚ ਪ੍ਰਧਾਨੀ ਦਾ ਸਿਧਾਂਤ ਦਿੱਤਾ, ਉਸਨੂੰ ਸ਼੍ਰੋਮਣੀ ਕਮੇਟੀ `ਤੇ ਕਾਬਜ਼ ਬਾਦਲ ਪਰਿਵਾਰ ਨੇ ਮਲੀਆਮੇਟ ਕੀਤਾ ਹੈ ਜਿਸ ਸਿੱਖੀ ਸਿਧਾਂਤ ਨੂੰ ਦੁਨੀਆ ਦੀ ਕੋਈ ਵੀ ਤਾਕਤ ਚੁਣੌਤੀ ਦੇਣ ਦੀ ਹਿੰਮਤ ਨਾ ਕਰ ਸਕੀ, ਉਸਨੂੰ ਬਾਦਲ ਪਰਿਵਾਰ ਨੇ ਸਿਆਸਤ ਦੀ ਭੇਟ ਚੜ੍ਹਾ ਕੇ ਰੱਖ ਦਿੱਤਾ ਹੈ ਸ਼੍ਰੋਮਣੀ ਕਮੇਟੀ `ਤੇ ਕਾਬਜ਼ ਨਿਜ਼ਾਮ ਨੇ ਗੁਰੂ ਸਾਹਿਬਾਨ ਵਲੋਂ ਸਾਨੂੰ ਦਿੱਤੀਆਂ ਦੋ ਪਦਵੀਆਂ ਗੁਰੂ ਘਰ ਦੇ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸਿਆਸੀਕਰਨ ਕੀਤਾ ਹੈ ਅਤੇ ਇਨ੍ਹਾਂ ਸੁੰਤਤਰ ਅਹੁਦਿਆਂ ਨੂੰ ਆਪਣੇ ਗੁਲਾਮ ਬਣਾ ਦਿੱਤਾ ਸਿੱਖ ਸੰਗਤਾਂ ਹੁਣ ਸ਼੍ਰੋਮਣੀ ਕਮੇਟੀ `ਤੇ ਕਾਬਜ਼ ਨਿਜ਼ਾਮ ਤੋਂ ਛੁਟਕਾਰਾ ਚਾਹੁੰਦੀਆਂ ਹਨ ਅਸੀਂ ਸ਼੍ਰੋਮਣੀ ਕਮੇਟੀ ਦੀ ਸੱਤਾ `ਚ ਆਉਣ `ਤੇ ਜਿਥੇ ਗੁਰੂ ਘਰ ਦੇ ਗ੍ਰੰਥੀਆਂ ਅਤੇ ਜਥੇਦਾਰਾਂ ਦੇ ਅਹੁਦਿਆਂ ਨੂੰ ਗੁਰਮਤਿ ਮਰਿਆਦਾ ਅਨੁਸਾਰ ਸੁਤੰਤਰ ਕਰਾਂਗੇ, ਉਥੇ ਗੁਰੂ ਦੀ ਗੋਲਕ ਦੇ ਪੈਸੇ ਨੂੰ ਸਰਬੱਤ `ਤੇ ਭਲੇ `ਤੇ ਖਰਚਾਂਗੇ

 

 

 

 

ਐਸਜੀਪੀਸੀ ਦੀ ਚੰਗੀ ਕਾਰਗੁਜ਼ਾਰੀ ਨੂੰ ਪੈਣਗੀਆਂ ਵੋਟਾਂ : ਮੱਕੜ 

‘‘ਅਸੀਂ ਪਿਛਲੇ ਕੁਝ ਹੀ ਸਾਲਾਂ `ਚ ਸ਼੍ਰੋਮਣੀ ਕਮੇਟੀ ਦੇ ਹਰ ਤਰ੍ਹਾਂ ਦੇ ਪ੍ਰਬੰਧਾਂ ਦੀ ਪ੍ਰਣਾਲੀ ਨੂੰ ਹਾਈਟੈਕ ਕੀਤਾ ਹੈ ਗੁਰੂ ਘਰਾਂ ਦੇ ਪ੍ਰਬੰਧਾਂ ਦਾ ਕੰਪਿਊਟਰੀਕਰਨ, ਸਿੱਖਿਆ ਅਤੇ ਸਿਹਤ ਖੇਤਰ `ਚ ਨਵੀਂਆਂ ਉਪਲਬਧੀਆਂ ਅਤੇ ਪ੍ਰਬੰਧਾਂ ਨੂੰ ਸੁਚਾਰੂ ਤੇ ਪਾਰਦਰਸ਼ੀ ਬਣਾਇਆ ਹੈ ਸਿੱਖਿਆ ਖੇਤਰ `ਚ ਸਾਡੀ ਬਹੁਤ ਵੱਡੀ ਉਪਲਬਧੀ ਹੈ ਕਿ ਹੋਣਹਾਰ ਸਿੱਖ ਵਿਦਿਆਰਥੀਆਂ ਨੂੰ ਉਚੇਰੀ ਪੜਾਈ ਲਈ ਕੈਂਬਰਿਜ਼ ਯੂਨੀਵਰਸਿਟੀ ਲੰਡਨ ਭੇਜਿਆ ਜਾਵੇਗਾ, ਜਿਸ ਦਾ ਸਾਰਾ ਖ਼ਰਚਾ ਸ਼੍ਰੋਮਣੀ ਕਮੇਟੀ ਕਰੇਗੀ ਫ਼ਤਹਿਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜੋ ਅਗਲੇ ਵਰ੍ਹੇ ਸ਼ੁਰੂ ਹੋ ਜਾਵੇਗੀ ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਸਿੱਖ ਗੁਰਧਾਮਾਂ ਤੇ ਸਿੱਖ ਸਰੋਕਾਰਾਂ `ਚ ਪ੍ਰਭਾਵੀ ਰੋਲ ਅਦਾ ਕੀਤਾ ਹੈ ਐਸਜੀਪੀਸੀ ਨੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਪਣੀ ਪੂਰੀ ਭੂਮਿਕਾ ਨਿਭਾਈ ਹੈ, ਸਾਡੀ ਚੰਗੀ ਕਾਰਗੁਜ਼ਾਰੀ ਨੂੰ ਲੋਕਾਂ ਵਲੋਂ ਵੋਟਾਂ ਦਾ ਫਤਵਾ ਮਿਲੇਗਾ

 

 

21 ਅਕਤੂਬਰ 2009
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas